ਲੁਧਿਆਣਾ: ਕਾਂਗਰਸੀਆਂ ਨੇ ਅੱਜ ਲੁਧਿਆਣਾ ਵਿੱਚ ਜੁਝਾਰ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੂੰ ਘੇਰਿਆ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਕੱਲ੍ਹ ਤੋਂ ਜੁਝਾਰ ਬੱਸਾਂ ਨੂੰ ਲੁਧਿਆਣਾ ਵਿੱਚ ਨਹੀਂ ਵੜਨ ਦਿੱਤਾ ਜਾਏਗਾ। ਉਨ੍ਹਾਂ ਕਿਹਾ ਸੀ ਕਿ ਜਿੰਨਾ ਚਿਰ ਜੁਝਾਰ ਬੱਸ ਵੱਲੋਂ ਕੁਚਲੀਆਂ ਬੱਚੀਆਂ ਦੇ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਓਨਾ ਚਿਰ ਜੁਝਾਰ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੂੰ ਲੁਧਿਆਣਾ ਵਿੱਚ ਨਹੀਂ ਚੱਲਣ ਦਿੱਤਾ ਜਾਏਗਾ।

 

 

ਕੈਪਟਨ ਦੇ ਐਲਾਨ ਮੁਤਾਬਕ ਅੱਜ ਕਾਂਗਰਸੀ ਵਰਕਰਾਂ ਨੇ ਜੁਝਾਰ ਕੰਪਨੀ ਦੀਆਂ ਬੱਸਾਂ ਨੂੰ ਘੇਰ ਕੇ ਰੋਸ ਪ੍ਰਦਰਸਨ ਕੀਤਾ। ਇਸ ਦੌਰਾਨ ਜੁਝਾਰ ਬੱਸਾਂ ਨੇ ਆਪਣੇ ਰੂਟ ਬਦਲ ਲਏ। ਪ੍ਰਦਰਸ਼ਨਕਾਰੀਆਂ ਨੇ ਬਾਕੀ ਬੱਸਾਂ ਨੂੰ ਉੱਥੋਂ ਲੰਘਣ ਦਿੱਤਾ। ਇਸ ਰੋਸ ਪ੍ਰਦਰਸ਼ਨ ਵਿੱਚ ਪੀੜਤ ਪਰਿਵਾਰ ਤੇ ਮਹਿਲਾ ਕਾਂਗਰਸ ਦੀਆਂ ਵਰਕਰ ਸ਼ਾਮਲ ਸਨ।

 

 

ਉਨ੍ਹਾਂ ਕਿਹਾ ਕਿ ਜੁਝਾਰ ਬੱਸਾਂ ਦਾ ਵਿਰੋਧ ਜਾਰੀ ਰਹੇਗਾ। ਉਹ ਕਿੰਨਾ ਕੁ ਚਿਰ ਰੂਟ ਬਦਲਣਗੇ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਕਾਬਲੇਗੌਰ ਹੈ ਕਿ ਜਗਰਾਉਂ ਵਿੱਚ ਬੀਤੇ ਦਿਨੀਂ ਦੋ ਲੜਕੀਆਂ ਨੂੰ ਜੁਝਾਰ ਬੱਸ ਨੇ ਕੁਚਲ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।