ਨਵੀਂ ਦਿੱਲੀ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਤੋਂ ਆਪਣੇ ਸੱਤ ਰੋਜ਼ਾ ਭਾਰਤ ਦੌਰੇ ਦੀ ਸ਼ੁਰੂਆਤ ਕਰਨਗੇ। ਟਰੂਡੋ ਦੀ ਇਸ ਫ਼ੇਰੀ ਤੋਂ ਪਹਿਲਾਂ  ਦੋਵਾਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨਐਸਏ) ਨੇ ਮੁਲਾਕਾਤ ਕੀਤੀ।


ਮੀਟਿੰਗ ਦੌਰਾਨ ਰੱਖਿਆ, ਅਤਿਵਾਦ ਖ਼ਿਲਾਫ਼ ਲੜਾਈ ਲਈ ਸਹਿਯੋਗ ਵਧਾਉਣ ਤੋਂ ਇਲਾਵਾ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਅੱਗੇ ਲਿਜਾਣ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਦੋਵਾਂ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਟਰੂਡੋ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਲਈ ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿੱਚ ਦੋਵਾਂ ਮੁਲਕਾਂ ਦੇ ਰਵਾਇਤੀ ਰਿਸ਼ਤਿਆਂ ਦੇ ਵਿਸਥਾਰ ਲਈ ਮੰਚ ਤਿਆਰ ਕੀਤਾ।

ਕੈਨੇਡਾ ਦੇ ਰਾਜਸੀ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਮੀਟਿੰਗ ਦੌਰਾਨ ਕੈਨੇਡਾ ਦੇ ਕਈ ਹਿੱਸਿਆਂ ’ਚ ਵਧਦੇ ਸਿੱਖ ਅਤਿਵਾਦ ਨੂੰ ਲੈ ਕੇ ਭਾਰਤ ਦੀ ਫ਼ਿਕਰਮੰਦੀ ’ਤੇ ਵੀ ਚਰਚਾ ਕੀਤੀ ਗਈ। ਆਪਣੀ ਸੱਤ ਰੋਜ਼ਾ ਫ਼ੇਰੀ ਦੌਰਾਨ ਕੈਨੇਡਿਆਈ ਪ੍ਰਧਾਨ ਮੰਤਰੀ 21 ਫ਼ਰਵਰੀ ਨੂੰ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵੀ ਜਾਣਗੇ।