ਚੰਡੀਗੜ੍ਹ: ਪੰਜਾਬ 'ਚ ਇੱਕ ਪਾਸੇ ਕਬੱਡੀ ਵਰਲਡ ਕੱਪ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਦੂਜੇ ਪਾਸੇ ਕਬੱਡੀ ਫੈਡਰੇਸ਼ਨ ਨੂੰ ਜੱਗੂ ਭਗਵਾਨਪੁਰੀਆ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸ ਦੀ ਸ਼ਿਕਾਇਤ ਡੀਜੀਪੀ ਕੋਲ ਕੀਤੀ ਗਈ ਹੈ। ਨਾਰਥ ਜ਼ੋਨ ਦੀ ਕਬੱਡੀ ਫੈਡਰੇਸ਼ਨ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਜੱਗੂ ਭਗਵਾਨਪੁਰੀਆ ਆਪਣੀ ਫੈਡਰੇਸ਼ਨ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਮੇਂ ਜੱਗੂ ਪਟਿਆਲਾ ਜੇਲ੍ਹ 'ਚ ਬੰਦ ਹੈ।

ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਕਿ ਜੱਗੂ ਭਗਵਾਨਪੁਰੀਆ ਧਮਕੀ ਭਰੀਆਂ ਫੋਨ ਕਾਲਸ ਫੈਡਰੇਸ਼ਨ ਦੇ ਮੈਂਬਰਾਂ ਨੂੰ ਕਰ ਰਿਹਾ ਹੈ ਤੇ ਖਿਡਾਰੀਆਂ ਨੂੰ ਵੀ ਜ਼ੋਰ ਜ਼ਬਰਦਸਤੀ ਨਾਲ ਆਪਣੀ ਫੈਡਰੇਸ਼ਨ ਵੱਲੋਂ ਖੇਡਣ ਲਈ ਮਜਬੂਰ ਕਰ ਰਿਹਾ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਨੂੰ ਦਿੱਤੀ ਗਈ ਇਸ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ ਕਿਉਂਕਿ ਜੱਗੂ ਭਗਵਾਨਪੁਰੀਏ 'ਤੇ ਇਲਜ਼ਾਮ ਲਾਏ ਗਏ ਹਨ ਕਿ ਜੇਲ੍ਹ 'ਚ ਬੈਠ ਕੇ ਟੈਲੀਫੋਨ ਰਾਹੀਂ ਧਮਕੀਆਂ ਦੇ ਰਿਹਾ ਹੈ।

ਜਦਕਿ ਜੱਗੂ ਭਗਵਾਨਪੁਰੀਆ ਬਿਕਰਮ ਮਜੀਠੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਇੱਕ ਵਿਵਾਦ ਦਾ ਕਾਰਨ ਬਣਿਆ ਸੀ ਕਿ ਜੱਗੂ ਭਗਵਾਨਪੁਰੀਆ ਦੋਵਾਂ ਵਿੱਚੋਂ ਕਿਸ ਲਈ ਕੰਮ ਕਰ ਰਿਹਾ ਹੈ। ਦੋਨੋਂ ਹੀ ਸਿਆਸਤਦਾਨ ਇੱਕ ਦੂਸਰੇ 'ਤੇ ਲਗਾਤਾਰ ਇਲਜ਼ਾਮ ਲਾ ਰਹੇ ਹਨ।