ਕਪੂਰਥਲਾ
  : ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ 'ਚ ਗੈਂਗਸਟਰਾਂ ਦੇ ਨਾਂ 'ਤੇ ਫਿਰੌਤੀ ਮੰਗਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਲੁਧਿਆਣਾ 'ਚ 'ਆਪ' ਵਿਧਾਇਕ ਤੋਂ 25 ਲੱਖ ਦੀ ਫਿਰੌਤੀ ਤੋਂ ਬਾਅਦ ਹੁਣ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਫਰਜ਼ੀ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਅਧਿਕਾਰੀ ਬਣ ਕੇ 3 ਕਰੋੜ ਰੁਪਏ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।

 

ਜਿਸ ਤੋਂ ਦੁਖੀ ਸਾਬਕਾ ਵਿਧਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਪੁਲੀਸ ਨੇ ਤਲਵੰਡੀ ਚੌਧਰੀਆਂ ਪੁਲ ਨੇੜੇ ਜਾਲ ਵਿਛਾ ਕੇ ਪੈਸੇ ਵਸੂਲਣ ਲਈ ਆ ਰਹੇ ਫਰਜ਼ੀ ਈਡੀ ਅਧਿਕਾਰੀ ਨੂੰ ਕਾਬੂ ਕਰ ਲਿਆ ਹੈ।

 

ਕਪੂਰਥਲਾ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਮੋਬਾਈਲ ਅਤੇ ਵਟਸਐਪ 'ਤੇ ਈਡੀ ਦਾ ਸੀਨੀਅਰ ਅਧਿਕਾਰੀ ਦੱਸ ਕੇ ਅਪਰਾਧਿਕ ਮਾਮਲੇ 'ਚ ਫਸਾਉਣ ਅਤੇ ਬਾਹਰ ਨਿਕਲਣ 'ਚ ਮਦਦ ਕਰਨ ਦੇ ਨਾਂ 'ਤੇ 3 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ। 


ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਪੀ (ਇਨਵੈਸਟੀਗੇਸ਼ਨ) ਹਰਵਿੰਦਰ ਸਿੰਘ, ਸੁਲਤਾਨਪੁਰ ਲੋਧੀ ਦੀ ਡੀਐਸਪੀ ਮਨਪ੍ਰੀਤ ਕੌਰ ਸ਼ੇਹਮਾਰ, ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਅਤੇ ਐਸਐਚਓ ਇੰਸਪੈਕਟਰ ਜਸਮੇਲ ਕੌਰ, ਐਸਐਚਓ ਸੁਲਤਾਨਪੁਰ ਲੋਧੀ ਦੀ ਇੱਕ ਟੀਮ ਦਾ ਗਠਨ ਕੀਤਾ। ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਤਲਵੰਡੀ ਚੌਧਰੀਆਂ ਪੁਲ ਨੇੜਿਓਂ ਕਾਬੂ ਕੀਤਾ ਗਿਆ। 

ਫਰਜ਼ੀ ਈਡੀ ਅਧਿਕਾਰੀ ਦੀ ਪਛਾਣ ਅਮਨ ਸ਼ਰਮਾ ਵਾਸੀ ਮੁਹੱਲਾ ਨਹਿਰੂ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਰਾਜ ਵਿੱਚ ਸਿਆਸੀ ਸ਼ਖਸੀਅਤਾਂ ਨੂੰ ਫੋਨ ਕਰਕੇ ਪੈਸੇ ਦੀ ਮੰਗ ਕਰਨ ਅਤੇ ਧਮਕੀਆਂ ਦੇਣ ਵਾਲੀਆਂ ਕਾਲਾਂ ਆ ਰਹੀਆਂ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।