ਚੰਡੀਗੜ੍ਹ: ਇਹ ਕਹਾਣੀ ਕਾਰਗਿਲ ਜੰਗ ਦੇ ਯੋਧੇ ਪਰਮਵੀਰ ਚੱਕਰ ਨਾਇਬ ਸੂਬੇਦਾਰ ਸੰਜੇ ਕੁਮਾਰ ਹੈ ਜਿਸ ਨੇ ਗੋਲੀਆਂ ਲੱਗਣ ਮਗਰੋਂ ਵੀ ਪਾਕਿਸਤਾਨੀ ਫੌਜੀਆਂ ਨੂੰ ਬਿਨਾ ਹਥਿਆਰਾਂ ਦੇ ਮਾਰ ਸੁੱਟਿਆ ਸੀ। ਸੰਜੇ ਕੁਮਾਰ ਨੇ ਕਈ ਪਹਾੜੀਆਂ ਦੀ ਕਹਾਣੀ ਸੁਣਾਈ, ਜਿਸ 'ਤੇ ਉਨ੍ਹਾਂ ਕਬਜ਼ਾ ਕੀਤਾ। ਟਾਈਗਰ ਹਿੱਲ ਤੋਂ ਬਾਅਦ ਸੰਜੇ ਦੀ ਪਲਟਣ ਨੂੰ ਰੌਕੀ ਨੌਪ 'ਤੇ .5140 ਨੂੰ ਕਬਜ਼ਾਉਣ ਲਈ ਕਿਹਾ। ਟਾਈਗਰ ਹਿੱਲ ਦੀ ਪਹਾੜੀ ਦਾ ਬਚਿਆ ਹੋਇਆ ਹਿੱਸਾ ਕਬਜ਼ਾਉਣ ਦਾ ਹੁਕਮ ਮਿਲਿਆ। 15 ਜੂਨ ਨੂੰ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਲਗਾਤਾਰ ਦੋ ਰਾਤਾਂ ਦੀ ਕੋਸ਼ਿਸ਼ ਮਗਰੋਂ ਉਹ ਆਪਣੇ ਬਹੁਤ ਸਾਰੇ ਸਾਥੀ ਗਵਾ ਬੈਠੇ ਪਰ ਦੁਸ਼ਮਣ ਉੱਥੇ ਹੀ ਟਿਕਿਆ ਸੀ। ਅੱਖਾਂ ਵਿੱਚ ਉਸ ਸਮੇਂ ਨਮੀ ਆ ਗਈ। ਸੰਜੇ ਨੇ ਦੱਸਿਆ ਕਿ 50 ਮੀਟਰ ਦੀ ਚੜ੍ਹਾਈ ਵਿੱਚ ਇਸ ਪਹਾੜੀ 'ਤੇ ਦੋ ਅਫਸਰ ਤੇ 14 ਜਵਾਨਾਂ ਦੀ ਜਾਨ ਗਈ। ਇੰਨੀਆਂ ਜਾਨਾਂ ਜਾਣ ਮਗਰੋਂ ਅਫਸਰ ਨੇ ਹਮਲਾ ਦਿਨ ਵੇਲੇ ਕਰਨ ਦਾ ਫੈਸਲਾ ਲਿਆ। ਪਥਰੀਲੀ ਪਹਾੜੀ 'ਤੇ ਗੋਲੀ ਚਲਾਉਂਦੇ ਹੋਏ ਚੜ੍ਹਨਾ ਨਾ-ਮੁਮਕਿਨ ਸੀ। ਫਿਰ ਇੱਕ ਟੀਮ ਨੇ ਕਵਰ ਫਾਇਰ ਦਿੱਤਾ ਤੇ ਉਹ ਬੜਕਾਂ ਮਾਰਦੇ ਦੁਸ਼ਮਣ ਦੇ ਬੰਕਰ ਤੱਕ ਪਹੁੰਚ ਗਏ। ਦੁਸ਼ਮਣ ਹਥਿਆਰ ਬੰਕਰ ਵਿੱਚ ਛੱਡ ਕੇ ਭੱਜ ਗਿਆ। ਅਗਲਾ ਇਤਿਹਾਸਕ ਕਿੱਸਾ ਸੰਜੇ ਦੀ ਬਹਾਦਰੀ ਦਾ ਕਾਰਗਿਲ ਦੀ ਮਸ਼ਕ ਵੈਲੀ ਦਾ ਸੀ। ਸੰਜੇ ਸਮੇਤ 10 ਫੌਜੀ ਮਸ਼ਕ ਪਹਾੜੀ 'ਤੇ ਦੁਸ਼ਮਣ ਨਾਲ ਲੋਹਾ ਲੈਂਦੇ ਅੱਗੇ ਵਧ ਰਹੇ ਸੀ। ਇਹ ਪਥਰੀਲੀਆਂ ਪਹਾੜੀਆਂ ਵਿੱਚ ਦੁਸ਼ਮਣ ਦਾ ਕੋਈ ਅੰਦਾਜ਼ਾ ਨਹੀਂ ਹੋ ਰਿਹਾ ਸੀ। ਸੰਜੇ ਦੀ ਪਲਟਣ ਨੇ ਦੁਸ਼ਮਣ ਨੂੰ ਇੱਕ ਚੋਟੀ ਤੋਂ ਭਜਾ ਦਿੱਤਾ ਪਰ ਇਸ ਵਾਰ 10 ਵਿੱਚੋਂ ਦੋ ਸ਼ਹੀਦ ਹੋ ਗਏ ਸੀ। ਬਾਕੀ ਰਹਿੰਦੇ ਅੱਠਾਂ ਵਿੱਚੋਂ ਚਾਰ ਜਵਾਨ ਬੁਰੀ ਤਰ੍ਹਾਂ ਜ਼ਖਮੀ ਸਨ। ਉਨ੍ਹਾਂ ਇਸ ਲੜਾਈ ਵਿੱਚ ਇੱਕ ਗੱਲ ਪੱਲੇ ਬੰਨ੍ਹ ਲਈ ਸੀ ਕਿ ਦੁਸ਼ਮਣ 'ਤੇ ਦਬਾਅ ਬਣਾ ਕੇ ਰੱਖੋ। ਇਸ ਕਰਕੇ ਹਰ ਚੋਟੀ 'ਤੇ ਕਬਜ਼ਾ ਕਰਨ ਤੋਂ ਬਾਅਦ ਬਿਨ੍ਹਾਂ ਕਿਸੇ ਦੀ ਉਡੀਕ ਕਰਦੇ ਅਗਲੀ ਚੋਟੀ 'ਤੇ ਹਮਲਾ ਕਰਦੇ ਸੀ। ਸੰਜੇ ਦੇ ਜ਼ਖਮੀ ਸਾਥੀਆਂ ਨੇ ਕਵਰ ਫਾਇਰ ਦਿੱਤਾ। ਸੰਜੇ ਤੇ ਉਸ ਦਾ ਇੱਕ ਹੋਰ ਸਾਥੀ ਦੁਸ਼ਮਣ ਦੇ ਬੰਕਰ ਦੇ ਥੱਲੇ ਪਹੁੰਚ ਗਏ। ਦੋਵੇਂ ਦੁਸ਼ਮਣ ਦੇ ਇੰਨੇ ਨਜ਼ਦੀਕ ਸੀ ਕਿ ਹੱਥ ਨਾਲ ਉਸ ਦੀ ਬੰਦੂਕ ਫੜ ਸਕਦੇ ਸੀ, ਪਰ ਬੰਦੂਕ ਵਿੱਚੋਂ ਅੱਗ ਨਿਕਲ ਰਹੀ ਸੀ ਕਿਉਂਕਿ ਉਹ ਫਾਇਰ ਨਹੀਂ ਸੀ ਰੋਕ ਰਿਹਾ। ਸੰਜੇ ਦੇ ਸਾਥੀ ਉਸ ਨੂੰ ਇਸ਼ਾਰਾ ਕਰ ਰਹੇ ਸੀ ਕਿ ਬੰਦੂਕ ਫੜ ਕੇ ਖਿੱਚ ਦੇ। ਪਰਮਵੀਰ ਚੱਕਰ ਸੰਜੇ ਦੇ ਅੰਦਾਜ਼ੇ ਮੁਤਾਬਕ ਉਹ ਜ਼ਿਆਦਾ ਦੇਰ ਉਸ ਜਗ੍ਹਾ 'ਤੇ ਨਹੀਂ ਰੁਕ ਸਕਦੇ ਸੀ ਕਿਉਂਕਿ ਦੁਸ਼ਮਣ ਕਿਸੇ ਵੀ ਵਕਤ ਗ੍ਰਨੇਡ ਸੁੱਟ ਸਕਦਾ ਸੀ। ਉਸ ਨੇ ਆਪਣੇ ਸਾਥੀ ਨੂੰ ਖੱਬੇ ਪਾਸੇ ਭੇਜ ਦਿੱਤਾ ਤੇ ਦੁਸ਼ਮਣ 'ਤੇ ਗ੍ਰਨੇਡ ਸੁੱਟਣ ਨੂੰ ਕਿਹਾ। ਉਸ ਕੋਲ ਮੈਡੀਕਲ ਕਿੱਟ ਦੀਆਂ ਪੱਟੀਆਂ ਸੀ ਜੋ ਉਸ ਨੇ ਆਪਣੇ ਹੱਥਾਂ 'ਤੇ ਬੰਨ੍ਹ ਲਾਈਆਂ। ਸੰਜੇ ਨੇ ਦੱਸਿਆ ਕਿ ਗ੍ਰਨੇਡ ਸੁੱਟਣ 'ਤੇ ਪਾਕਿਸਤਾਨੀਆਂ ਨੇ ਫਾਇਰ ਰੋਕ ਦਿੱਤਾ। ਸੰਜੇ ਨੇ ਅੱਗ ਸੁੱਟ ਰਹੀਆਂ ਬੰਦੂਕਾਂ ਹੱਥਾਂ ਨਾਲ ਫੜ ਕੇ ਖਿੱਚ ਲਾਈਆਂ। ਉਸ ਦੇ ਹੱਥ ਸੜ ਗਏ ਸੀ ਤੇ ਗੋਲੀਆਂ ਨਾਲ ਜ਼ਖ਼ਮੀ ਵੀ ਸੀ ਪਰ ਦੁਸ਼ਮਣ ਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਪਹਾੜੀ 'ਤੇ ਕਬਜ਼ਾ ਕਰਨ ਤੋਂ ਬਾਅਦ ਦੋ ਘੰਟੇ ਤੱਕ ਸੰਜੇ ਤੇ ਉਸ ਦੇ ਸਾਥੀ ਜ਼ਿੰਦਾ ਲਾਸ਼ ਵਾਂਗ ਪਾਏ ਰਹੇ। ਉਸ ਵੇਲੇ ਸਿਰਫ ਇੰਨਾ ਧਿਆਨ ਸੀ ਕਿ ਕੋਈ ਵੀ ਗੋਲੀ ਛਾਤੀ ਜਾਂ ਧੜ ਵਿੱਚ ਨਹੀਂ ਲੱਗੀ। ਲੱਤਾਂ ਤੇ ਬਾਹਾਂ ਵਿੱਚ ਗੋਲੀਆਂ ਲੱਗਣ ਨਾਲ ਉਹ ਮਰਦਾ ਨਹੀਂ ਸੀ। ਇਹ ਸੋਚ ਨਾਲ ਸੰਜੇ ਦੋ ਘੰਟੇ ਤੱਕ ਚੌਕਸ ਸੀ ਤੇ ਜੇ ਦੁਸ਼ਮਣ ਵਾਪਸ ਆਉਂਦਾ ਤਾਂ ਫਿਰ ਲੋਹਾ ਲੈਣ ਲਈ ਤਿਆਰ ਬਰ ਤਿਆਰ ਸੀ। ਅਖੀਰ ਦੋ ਘੰਟੇ ਬਾਅਦ ਡਾਕਟਰਾਂ ਦੀ ਟੀਮ ਆਈ ਤੇ ਇਲਾਜ਼ ਕੀਤਾ। ਪਲਟਣ ਨੇ ਉਸ ਪਹਾੜੀ ਤੇ ਕਬਜ਼ਾ ਕਰ ਆਪਣੇ ਬੰਕਰ ਕਾਇਮ ਕੀਤੇ ਤੇ ਕਾਰਗਿਲ ਦੀ ਜਿੱਤ ਵਿੱਚ ਯੋਗਦਾਨ ਪਾਇਆ।