ਗੁਰਦਾਸਪੁਰ: ਕਰਤਾਰਪੁਰ ਲਾਂਘੇ ਲਈ ਸੜਕ ਬਣਾਉਣ ਦੇ ਕੰਮ 'ਚ ਲੱਗੇ ਜੇਸੀਬੀ ਡਰਾਈਵਰਾਂ ਨੂੰ 2 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਜਿਸ ਕਰਕੇ ਉਨ੍ਹਾਂ ਕੰਮ ਰੋਕ ਦਿੱਤਾ ਹੈ। ਕਾਮਿਆਂ ਨੇ ਕੰਸਟਰੱਕਸ਼ਨ ਕੰਪਨੀ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪਿੰਡ ਠੇਠਰਕੇ ਵਿੱਚ ਬਣੇ ਪਲਾਂਟ 'ਤੇ ਧਰਨਾ ਦਿੱਤਾ ਤੇ ਕੰਮ 'ਤੇ ਰੋਕ ਲਾ ਦਿੱਤੀ। ਮੰਗਲਵਾਰ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤਕ ਰੋਸ ਪ੍ਰਦਰਸ਼ਨ ਕੀਤਾ ਗਿਆ। ਕੰਪਨੀ ਅਧਿਕਾਰੀਆਂ ਨੇ ਕਾਮਿਆਂ ਨੂੰ ਭਰੋਸਾ ਦਿੱਤਾ ਜਿਸ ਦੇ ਬਾਅਦ ਉਨ੍ਹਾਂ ਧਰਨਾ ਚੁੱਕਿਆ।


ਦੱਸਿਆ ਜਾਂਦਾ ਹੈ ਕਿ ਸੜਕ ਬਣਾਉਣ ਲਈ ਦੂਰ-ਦੂਰ ਤੋਂ ਟਰੱਕ ਤੇ ਜੇਸੀਬੀ ਡ੍ਰਾਈਵਰ ਆਏ ਹੋਏ ਹਨ। ਉਨ੍ਹਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਹਾਲਾਂਕਿ ਕੁਝ ਡਰਾਈਵਰਾਂ ਨੂੰ ਅੱਧੀ ਤਨਖ਼ਾਹ ਦੇ ਕੇ ਹੀ ਕੰਮ ਸਾਰਿਆ ਜਾ ਰਿਹਾ ਹੈ। ਦੋ ਦਿਨ ਪਹਿਲਾਂ ਕਾਮਿਆਂ ਦੀ ਕੰਪਨੀ ਅਧਿਕਾਰੀਆਂ ਨਾਲ ਗੱਲ ਹੋਈ ਸੀ, ਜਿਸ ਵਿੱਚ ਉਨ੍ਹਾਂ 2 ਦਿਨਾਂ ਵਿੱਚ ਬਣਦੇ ਪੈਸੇ ਦੇਣ ਦੀ ਗੱਲ ਕਹੀ ਸੀ ਪਰ ਕੁਝ ਨਹੀਂ ਹੋਇਆ। ਇਸ ਤੋਂ ਤੰਗ ਆ ਕੇ ਮਜਬੂਰਨ ਕਾਮਿਆਂ ਨੂੰ ਧਰਨਾ ਦੇਣਾ ਪਿਆ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੀ ਬੋਲ-ਬਾਣੀ 'ਤੇ ਪੰਥਕ ਰੰਗ! ਕਰਤਾਰਪੁਰ ਲਾਂਘੇ ਦੀ ਮੰਗੀ ਸੇਵਾ

ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰਾਂ ਨਾਲ ਗੱਲ ਹੋ ਚੁੱਕੀ ਹੈ। ਦੋ ਦਿਨਾਂ ਅੰਦਰ ਉਨ੍ਹਾਂ ਦੇ ਬਣਦੇ ਪੈਸੇ ਦੇ ਦਿੱਤੇ ਜਾਣਗੇ। ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਇਸ ਲਈ ਦੋਰੀ ਹੋਈ ਕਿਉਂਕਿ ਸਾਰੇ ਕੰਪਨੀ ਅਧਿਕਾਰੀ ਸੜਕ ਦੇ ਨਿਰਮਾਣ ਵਿੱਚ ਵਿਅਸਤ ਹਨ ਤੇ ਇਨ੍ਹਾਂ ਦੀ ਨੌਕਰੀ ਦੀ ਕਾਗਜ਼ੀ ਕਾਰਵਾਈ ਹਾਲੇ ਪੂਰੀ ਨਹੀਂ ਹੋਈ। ਇਸ ਲਈ ਦੇਰੀ ਹੋ ਰਹੀ ਸੀ।