ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਣਾਈ ਗਈ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਿਟੀ ਨੇ ਲਾਂਘੇ ਦੀ ਉਸਾਰੀ ਲਈ ਜ਼ਮੀਨਾਂ ਐਕੁਆਇਰ ਕਰ ਲਈਆਂ ਹਨ ਤੇ ਵਿਕਾਸ ਕਾਰਜਾਂ ਲਈ ਪੈਸਾ ਵੀ ਜਾਰੀ ਹੋਣਾ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤੀ ਹੈ।

ਰੰਧਾਵਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਵਿਸ਼ੇਸ਼ ਸੜਕ ਦੇ ਨਾਲ-ਨਾਲ ਉੱਥੇ ਲਈ ਰੇਲ ਤੇ ਸੜਕੀ ਮਾਰਗਾਂ ਦੀ ਪਹੁੰਚ ਵਧਾਉਣ ਲਈ ਵੀ ਯੋਜਨਾ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਲਾਗਲੇ ਤੇਰਾਂ ਪਿੰਡਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਸਮਾਰਟ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ।

1889 ਈਸਵੀ ਤੋਂ ਇੱਥੇ ਚੱਲ ਰਿਹਾ ਸਰਕਾਰੀ ਸਕੂਲ ਵੀ ਕਰਤਾਰਪੁਰ ਪ੍ਰਾਜੈਕਟ ਤਹਿਤ ਹੀ ਆਵੇਗਾ, ਜਿਸ ਨੂੰ ਵਿਕਸਤ ਕੀਤਾ ਜਾਵੇਗਾ ਤੇ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਹੈਰੀਟੇਜ ਸਟ੍ਰੀਟ ਵਜੋਂ ਤਿਆਰ ਕੀਤਾ ਜਾਵੇਗਾ। ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਾਹਗਾ ਬਾਰਡਰ ਨਾਲੋਂ ਵੱਧ ਖ਼ੂਬਸੂਰਤ ਬਣਾਇਆ ਜਾਵੇਗਾ।

ਇਸ ਲਈ ਲਾਂਘੇ ਦੇ ਨਾਲ ਬਣੇਗਾ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ ਤਿਆਰ ਹੋਵੇਗਾ। ਇਸ ਦੇ ਨਾਲ ਹੀ ਲਾਂਘੇ ਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਨੌਂ ਕਰੋੜ ਰੁਪਏ ਦਿੱਤੇ ਗਏ ਹਨ। ਮੰਤਰੀ ਨੇ ਦੱਸਿਆ ਕਿ ਜਦ ਤਕ ਸ਼ਰਧਾਲੂਆਂ ਲਈ ਹੋਟਲ ਤੇ ਹੋਰ ਸਰਾਵਾਂ ਆਦਿ ਨਹੀਂ ਬਣਦੀਆਂ ਓਨਾਂ ਸਮਾਂ ਡੇਰਾ ਬਾਬਾ ਨਾਨਕ ਦੇ ਲੋਕ ਸ਼ਰਧਾਲੂਆਂ ਨੂੰ ਆਪਣੇ ਘਰਾਂ ਵਿੱਚ ਰੱਖਣਗੇ ਤੇ ਲੰਗਰ ਵੀ ਛਕਾਉਣਗੇ।