ਗੁਰਦਾਸਪੁਰ: ਕਰਤਾਰਪੁਰ ਸਾਹਿਬ ਕੌਰੀਡੋਰ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਠੱਪ ਪਿਆ ਹੈ। ਕੌਰੀਡੋਰ ਦੀ ਉਸਾਰੀ ਵਿੱਚ ਜੁਟੇ ਹੋਏ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ਕਰਕੇ ਉਨ੍ਹਾਂ ਮਸ਼ੀਨਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਹਨ। ਇਸ ਬਾਰੇ ਨਿਰਮਾਣ ਕੰਪਨੀ ਨੇ ਚੁੱਪੀ ਵੱਟ ਲਈ ਹੈ ਪਰ ਡੇਰਾ ਬਾਬਾ ਨਾਨਕ ਦੇ ਐਸਡੀਐਮ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਤਨਖ਼ਾਹ ਨਹੀਂ ਮਿਲੀ, ਜਿਸ ਕਾਰਨ ਉਹ ਦੋ ਵੇਲੇ ਦੀ ਰੋਟੀ ਦੇ ਵੀ ਮੁਥਾਜ ਹਨ। ਉਨ੍ਹਾਂ ਦੱਸਿਆ ਕਿ ਉਹ ਜਦੋਂ ਵੀ ਆਪਣੇ ਪੈਸੇ ਮੰਗਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਲਾਰਾ ਲਾ ਕੇ ਭੇਜ ਦਿੱਤਾ ਜਾਂਦਾ ਹੈ, ਪਰ ਹੁਣ ਉਨ੍ਹਾਂ ਤੋਂ ਹੋਰ ਕੰਮ ਨਹੀਂ ਹੁੰਦਾ ਇਸ ਲਈ ਉਨ੍ਹਾਂ ਕੰਮ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ।

ਡੇਰਾ ਬਾਬਾ ਨਾਨਕ ਦੇ ਐੱਸ ਡੀ ਐਮ ਗੁਰਸਿਮਰਨ ਜੀਤ ਸਿੰਘ ਢਿੱਲੋਂ ਨੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ। ਉਨ੍ਹਾਂ ਕਿਹਾ ਕਿ ਡਰਾਈਵਰਾਂ ਅਤੇ ਠੇਕੇਦਾਰ ਵਿਚਾਲੇ ਪੈਸੇ ਦੇ ਲੈਣ-ਦੇਣ ਦਾ ਮਸਲਾ ਚੱਲ ਰਿਹਾ ਸੀ, ਜਿਸ ਤੋਂ ਖਫਾ ਟਰੱਕ ਡਰਾਈਵਰਾਂ ਨੇ ਆਪਣੇ ਵਾਹਨ ਖੜ੍ਹੇ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਜਲਦ ਹੀ ਦੋਹਾਂ ਪੱਖਾਂ ਨਾਲ ਗੱਲ ਕਰ ਕੇ ਮਸਲਾ ਸੁਲਝਾ ਲਿਆ ਜਾਵੇਗਾ।