ਚੰਡੀਗੜ੍ਹ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਹਾਜ਼ਰੀ ਵਿੱਚ ਮੂਲ ਮੰਤਰ ਦੇ ਪਾਠ ’ਤੇ ਕੱਥਕ ਡਾਂਸ ਕੀਤਾ ਗਿਆ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿੱਖਾਂ ਵਿੱਚ ਕਾਫੀ ਰੋਸ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਜਾਂਚ ਮੰਗੀ ਹੈ।


ਯਾਦ ਰਹੇ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਦੇ ਦੌਰੇ ਮੌਕੇ ਸਵਾਗਤੀ ਸਮਾਗਮ ਦੌਰਾਨ ਮੂਲ ਮੰਤਰ ਦੇ ਪਾਠ ’ਤੇ ਕੱਥਕ ਨ੍ਰਿਤ ਦੀ ਪੇਸ਼ਕਾਰੀ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਵੱਡੀ ਗਿਣਤੀ ਇਤਰਾਜ਼ ਮਿਲੇ ਹਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਵੀਡੀਓ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਾਂਚ ਦੀ ਮੰਗ ਕਰਦਿਆਂ ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਲਈ ਮੂਲ ਮੰਤਰ ਤੇ ਜਪੁਜੀ ਸਾਹਿਬ ਦਾ ਪਾਠ ਅਹਿਮ ਹੈ। ਇਸ ਦੇ ਗਾਇਨ ’ਤੇ ਨ੍ਰਿਤ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ।

ਵਾਇਰਲ ਹੋਈ ਵੀਡੀਓ ਵਿਚ ਮੰਚ ’ਤੇ ਲੱਗੇ ਬੈਨਰ ਵਿੱਚ ਲਿਖਿਆ ਹੋਇਆ ਹੈ ਕਿ ਇਹ ਸਵਾਗਤੀ ਸਮਾਗਮ ‘ਇੰਡੀਅਨ ਕਮਿਊਨਿਟੀ ਐਂਡ ਫਰੈਂਡਜ਼ ਆਫ਼ ਇੰਡੀਆ’ ਵੱਲੋਂ ਕਰਵਾਇਆ ਗਿਆ ਹੈ। ਬੈਨਰ ’ਤੇ ਰਾਸ਼ਟਰਪਤੀ ਦਾ ਨਾਂ ਤੇ ਮੁਲਕ ਦਾ ਨਾਂ ਵੀ ਦਰਜ ਹੈ। ਮੰਚ ’ਤੇ ਸਿਤਾਰ ਤੇ ਤਬਲਾਵਾਦਕ ਬੈਠੇ ਹੋਏ ਹਨ ਤੇ ਕੁੜੀ ਨ੍ਰਿਤ ਕਰ ਰਹੀ ਹੈ, ਜਿਸ ਦੇ ਪਿੱਛੇ ਮੂਲ ਮੰਤਰ ਤੇ ਜਪੁਜੀ ਸਾਹਿਬ ਦੇ ਪਾਠ ਦਾ ਗਾਇਨ ਹੋ ਰਿਹਾ ਹੈ।