ਅਦਾਲਤ ਨੇ ਕੇਜਰੀਵਾਲ ਨੂੰ ਨਾ ਕੀਤਾ ਸੰਮਨ
ਏਬੀਪੀ ਸਾਂਝਾ | 08 Jul 2016 11:29 AM (IST)
ਅੰਮ੍ਰਿਤਸਰ: ਡਰੱਗ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ ਖਿਲਾਫ ਕੀਤੇ ਗਏ ਮਾਣਹਾਨੀ ਕੇਸ ਦੀ ਸੁਣਵਾਈ ਲਈ ਅਦਾਲਤ ਵੱਲੋਂ ਅਗਲੀ ਤਾਰੀਕ 18 ਜੁਲਾਈ ਤੈਅ ਕੀਤੀ ਗਈ ਹੈ। ਇਸ ਕੇਸ ਦੀ ਪਿਛਲੀ ਤਾਰੀਕ 3 ਜੁਲਾਈ ਸੀ। ਪਿਛਲੀ ਤਾਰੀਕ ਵਿੱਚ ਮਜੀਠੀਆ ਦੇ ਵਕੀਲ ਵੱਲੋਂ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਕੇਜਰੀਵਾਲ ਤੇ ਆਪ ਨੇਤਾਵਾਂ ਨੂੰ ਸੰਮਨ ਜਾਰੀ ਕੀਤੇ ਜਾਣ। ਅਦਾਲਤ ਵੱਲੋਂ ਸੰਮਨ ਜਾਰੀ ਕਰਨ ਬਾਰੇ ਅਗਲੀ ਤਾਰੀਕ 8 ਜੁਲਾਈ ਰੱਖੀ ਗਈ ਸੀ। ਅੱਜ ਵੀ ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਪੇਸ਼ ਹੋ ਕੇ ਇਹੀ ਮੰਗ ਕੀਤੀ ਗਈ ਪਰ ਅਦਾਲਤ ਨੇ ਬਾਅਦ ਦੁਪਿਹਰ ਇਸ ਕੇਸ ਦੀ ਸੁਣਵਾਈ ਲਈ ਅਗਲੀ ਤਾਰੀਕ 18 ਜੁਲਾਈ ਪਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਤੇ ਹੋਰ ਆਮ ਆਦਮੀ ਪਾਰਟੀ ਲੀਡਰਾਂ ਵੱਲੋਂ ਬਿਕਰਮ ਮਜੀਠੀਆ ਦੇ ਤਾਰ ਡਰੱਗ ਤਸਕਰਾਂ ਨਾਲ ਹੋਣ ਦੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਮਜੀਠੀਆ ਨੇ ਉਕਤ ਲੀਡਰਾਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਆਪਣੇ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਨੇ ਫਿਰ ਕਿਹਾ ਸੀ ਕਿ ਉਹ ਮਜੀਠੀਆ ਖਿਲਾਫ ਵਾਰ-ਵਾਰ ਅਜਿਹੀ ਬਿਆਨਬਾਜ਼ੀ ਕਰਦੇ ਰਹਿਣਗੇ।