ਚੰਡੀਗੜ੍ਹ: ਇੰਡੀਆ ਟੂਡੇ ਦੀ ਹਿੰਦੀ ਮੈਗਜ਼ੀਨ ਦਾ ਤਾਜ਼ਾ ਅੰਕ ਵਿਵਾਦਾਂ ਵਿੱਚ ਘਿਰ ਗਿਆ ਹੈ। ਮੈਗਜ਼ੀਨ ਦੇ ਤਾਜ਼ਾ ਅੰਕ ਦੇ ਕਵਰ ਪੇਜ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਦੇ ਬਾਣੇ ਵਿੱਚ ਦਿਖਾਇਆ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਕੁਝ ਸਿੱਖ ਸੰਸਥਾਵਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੈਗਜ਼ੀਨ ਦੇ ਸੰਪਾਦਕ ਤੇ ਮਾਲਕ ਖ਼ਿਲਾਫ਼ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਬਕਾਇਦਾ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਮੈਗਜ਼ੀਨ ਦੇ ਮੁੱਖ ਪੰਨੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਬਾਣੇ ਵਿੱਚ ਦਿਖਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਨਵੀਂ ਦਿੱਲੀ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਸਬੰਧੀ ਸਿੱਖ ਆਗੂ ਪੀਰ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਵਿੱਚ ਜਦੋਂ ਮੈਗਜ਼ੀਨ ਖਰੀਦੀ ਤਾਂ ਇਸ ਦੇ ਕਵਰ ਪੇਜ ਨੂੰ ਦੇਖ ਕੇ ਹੈਰਾਨ ਹੋ ਗਏ। ਪੀਰ ਮੁਹੰਮਦ ਅਨੁਸਾਰ ਮੈਗਜ਼ੀਨ ਦੇ ਮੁੱਖ ਪੰਨੇ ‘ਤੇ ਕੇਜਰੀਵਾਲ ਨੂੰ ਨਿਹੰਗ ਬਾਣੇ ਵਿੱਚ ਦਿਖਾਇਆ ਗਿਆ ਹੈ। ਤਸਵੀਰ ਵਿੱਚ ਉਨ੍ਹਾਂ ਦੇ ਸਿਰ ‘ਤੇ ਦੁਮਾਲਾ ਸਜਾਇਆ ਹੋਇਆ ਹੈ, ਪੀਲੇ ਰੰਗ ਦੇ ਨਿਹੰਗ ਬਾਣੇ ਵਿੱਚ ਉਨ੍ਹਾਂ ਨੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਇਸ ਦੇ ਹੇਠਾਂ ਅੰਕਿਤ ਹੈ ਕਿ ‘ਆਪ ਦੀ ਲਲਕਾਰ, ਦਿੱਲੀ ਤੋਂ ਬਾਅਦ ਹੁਣ ਪੰਜਾਬ ਤੇ ਗੋਆ ‘ਤੇ ਕੇਜਰੀਵਾਲ ਦੀ ਨਜ਼ਰ’।
ਪੀਰ ਮੁਹੰਮਦ ਨੇ ਆਪਣੇ ਸ਼ਿਕਾਇਤ ਵਿੱਚ ਆਖਿਆ ਹੈ ਕਿ ਇਕ ਗੈਰ ਸਿੱਖ ਵਿਅਕਤੀ ਨੂੰ ਨਿਹੰਗ ਬਾਣੇ ਵਿਚ ਦਿਖਾਇਆ ਗਿਆ ਹੈ, ਜਿਸ ਨੇ ਸਿੱਖ ਕਕਾਰ ਕਿਰਪਾਨ ਫੜੀ ਹੋਈ ਹੈ। ਅਜਿਹਾ ਕਰਕੇ ਮੈਗਜ਼ੀਨ ਨੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਗਿਆ ਹੈ। ਪੀਰ ਮੁਹੰਮਦ ਨੇ ਅਪੀਲ ਕੀਤੀ ਹੈ ਕਿ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਹੋਰਾਂ ਖਿਲਾਫ ਆਈਪੀਸੀ ਦੀ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।