ਨਵਾਂ ਸ਼ਹਿਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਨਵਾਂ ਸ਼ਹਿਰ ਦੇ ਐਸ.ਡੀ.ਐਮ. ਦੇ ਰੀਡਰ ਹਰਪਾਲ ਸਿੰਘ ਨੂੰ ਇੱਕ ਮਾਮਲੇ ਵਿੱਚ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਨੂੰ ਇੱਕ ਐਨ.ਆਰ.ਆਈ. ਦੀ ਜ਼ਮੀਨ ਦੇ ਇੰਤਕਾਲ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਸੁਖਨਿੰਦਰ ਸਿੰਘ ਵਾਸੀ ਪਿੰਡ ਢੇਸੀਆਂ ਕਾਹਨਾਂ ਨੇ ਦੱਸਿਆ ਕਿ ਉਸ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਦੀ ਜ਼ਮੀਨ ਦੇ ਵਿਰਾਸਤ ਦਾ ਕੇਸ ਐਸ.ਡੀ.ਐਮ. ਨਵਾਂ ਸ਼ਹਿਰ ਦੀ ਅਦਾਲਤ ਵਿੱਚ ਚੱਲ ਰਿਹਾ ਹੈ।
ਇਸ ਕੇਸ ਦੇ ਸਬੰਧ ਵਿੱਚ ਐਸ.ਡੀ.ਐਮ. ਦੇ ਰੀਡਰ ਹਰਪਾਲ ਸਿੰਘ ਨੇ ਵਿਰਾਸਤ ਦੇ ਇੰਤਕਾਲ ਕਰਨ ਬਦਲੇ 50,000 ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਸੌਦਾ 35 ਹਜ਼ਾਰ ਵਿੱਚ ਤੈਅ ਹੋ ਗਿਆ। ਇਸ ਤੋਂ ਬਾਅਦ ਸੁਖਨਿੰਦਰ ਸਿੰਘ ਨੇ ਵਿਜੀਲੈਂਸ ਵਿੱਚ ਸ਼ਿਕਾਇਤ ਕੀਤੀ। ਵਿਜੀਲੈਂਸ ਨੇ ਕਾਰਵਾਈ ਕਰਦਿਆਂ ਹਰਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਸ਼ਿਕਾਇਤਕਰਤਾ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਫ਼ੀ ਸਮੇਂ ਤੋਂ ਰਿਸ਼ਵਤ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਲਈ ਤੰਗ ਆ ਕੇ ਉਸ ਨੇ ਵਿਜੀਲੈਂਸ ਕੋਲ ਸਬੰਧਤ ਰੀਡਰ ਦੀ ਸ਼ਿਕਾਇਤ ਕੀਤੀ। ਵਿਜੀਲੈਂਸ ਬਿਊਰੋ ਵੱਲੋਂ ਹਰਪਾਲ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।