ਹੁਸ਼ਿਆਰਪੁਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਯੂਥ ਮੈਨੀਫੈਸਟੋ ਹਾਲੇ ਸੁਰਖੀਆਂ ਵਿੱਚ ਸੀ ਕਿ ਹੁਣ ਮੈਗਜੀਨ ਦੇ ਕਵਰ ਪੇਜ 'ਤੇ ਕੇਜਰੀਵਾਲ ਦੀ ਤਸਵੀਰ ਨਿਹੰਗ ਸਿੰਘ ਵਜੋਂ ਆਉਣ 'ਤੇ ਫਿਰ ਚਰਚਾ ਵਿੱਚ ਆ ਚੁੱਕੇ ਹਨ। ਇਸ ਦਾ ਹੁਣ ਨਿਹੰਗ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ।

 

ਇਨ੍ਹਾਂ ਜਥੇਬੰਦੀਆਂ ਨੇ ਮੀਟਿੰਗ ਬੁਲਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਜੇਕਰ ਕੇਜਰੀਵਾਲ ਨੇ ਸਮਾਂ ਰਹਿੰਦੇ ਮਾਫੀ ਨਾ ਮੰਗੀ ਤਾਂ ਉਹ ਜਲਦੀ ਹੀ ਠੋਸ ਕਦਮ ਚੱਕਣ ਲਈ ਮੀਟਿੰਗ ਬੁਲਾਉਣਗੇ। ਸੰਤ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਨੇ ਕਿਹਾ ਕਿ ਇਸ ਘਿਣੌਨੀ ਹਰਕਤ ਲਈ ਜੇਕਰ ਕੇਜਰੀਵਾਲ ਨੇ ਮਾਫੀ ਨਾ ਮੰਗੀ ਜਾਂ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਸੀ ਤਾਂ ਉਹ 'ਇੰਡੀਆ ਟੂਡੇ' ਦੇ ਸੰਪਾਦਕ ਖਿਲਾਫ ਕਾਰਵਾਈ ਕਰੇ, ਨਹੀਂ ਤਾਂ ਉਹ ਸਿੱਖਾਂ ਦਾ ਗੁੱਸਾ ਦੇਖਣ ਲਈ ਤਿਆਰ ਹੋ ਜਾਵੇ।

 

ਇਸ ਬੈਠਕ ਵਿੱਚ ਸੰਤ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ, ਸੰਤ ਬਾਬਾ ਮੱਖਣ ਸਿੰਘ ਤਰਨਾ ਦਲ, ਬਾਬਾ ਮਾਨ ਸਿੰਘ ਮੱਛੀਆ ਵਾਲੇ, ਬਾਬਾ ਅਵਤਾਰ ਸਿੰਘ ਪੰਥ ਦਲ ਬਿਧੀ ਚੰਦ, ਬਾਬਾ ਤਾਰਾ ਸਿੰਘ ਝਾੜ ਸਾਹਿਬ, ਬਾਬਾ ਤਰਸੇਮ ਸਿੰਘ ਤਰਨਾ ਦਲ ਲੁਧਿਆਣਾ ਵਾਲੇ, ਬਾਬਾ ਮਨਮੋਹਨ ਸਿੰਘ ਬਾਹਨ ਵਾਲੇ, ਬਾਬਾ ਸ਼ਿੰਦਾ ਸਿੰਘ, ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਨਾਜਰ ਸਿੰਘ ਟਟੂਮਜਾਰਾ ਵਾਲੇ ਮੌਜੂਦ ਸਨ।