ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਅੱਜ ਅੰਮ੍ਰਿਤਸਰ ਪਹੁੰਚੇ। ਇੱਥੋਂ ਮੋਗਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੋਗਾ 'ਚ ਔਰਤਾਂ ਲਈ ਵੱਡਾ ਐਲਾਨ ਕੀਤਾ ਜਾਵੇਗਾ। ਕੇਜਰੀਵਾਲ ਅੱਜ ਮੋਗਾ ਵਿੱਚ ਔਰਤਾਂ ਦੇ ਮਸਲਿਆਂ ਬਾਰੇ ਚਰਚਾ ਕਰਨਗੇ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਤਰੱਕੀ ਤੇ ਪੰਜਾਬ ਵਿੱਚ ਮਹਿਲਾ ਸਸ਼ਕਤੀਕਰਨ ਲਈ ਅੱਜ ਵੱਡਾ ਐਲਾਨ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਮੋਗਾ ਤੋਂ ਬਾਅਦ ਉਹ ਲੁਧਿਆਣਾ ਜਾਣਗੇ ਜਿੱਥੇ ਉਹ ਆਟੋ ਤੇ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕਰਨਗੇ। ਇੱਥੋਂ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨਾਲ ਮੋਗਾ ਲਈ ਰਵਾਨਾ ਹੋਏ। ਕੇਜਰੀਵਾਲ ਭਲਕੇ ਅੰਮ੍ਰਿਤਸਰ ਆਉਣਗੇ।

ਦੱਸ ਦਈਏ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਕੇਜਰੀਵਾਲ ਕਾਫੀ ਸਰਗਰਮ ਹਨ। ਉਹ ਪਹਿਲਾਂ ਵੀ ਪੰਜਾਬ ਦੇ ਕਈ ਦੌਰੇ ਕਰ ਚੁੱਕੇ ਹਨ। ਹੁਣ ਉਹ ਦੋ ਦਿਨਾਂ ਲਈ ਪੰਜਾਬ ਆਏ ਹਨ। ਪੰਜਾਬ ਦੌਰੇ ਦੇ ਪਹਿਲੇ ਦਿਨ ਕੇਜਰੀਵਾਲ ਮੋਗਾ ਤੋਂ 'ਮਿAAਸ਼ਨ ਪੰਜਾਬ' (Mission Punjab) ਦੀ ਸ਼ੁਰੂਆਤ ਕਰਨਗੇ। ਇਸ ਤਹਿਤ ਉਹ ਅਗਲੇ ਇੱਕ ਮਹੀਨੇ ਵਿੱਚ ਸੂਬੇ ਵਿੱਚ ਕਈ ਥਾਵਾਂ ਦਾ ਦੌਰਾ ਕਰਨਗੇ ਤੇ ‘ਆਪ’ ਵੱਲੋਂ ਲੋਕਾਂ ਲਈ ਚੁੱਕੇ ਜਾਣ ਵਾਲੇ ਕਦਮਾਂ ਦਾ ਐਲਾਨ ਕਰਨਗੇ।

'ਆਪ' ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸੋਮਵਾਰ ਨੂੰ ਮੋਗਾ 'ਚ ਹੋਣ ਵਾਲੇ ਪ੍ਰੋਗਰਾਮ ਦੌਰਾਨ ਕੇਜਰੀਵਾਲ ਪੰਜਾਬੀਆਂ ਲਈ ਵੱਡੇ ਐਲਾਨ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਸੀ, ‘ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸ਼ਹਿਰਾਂ ਤੋਂ ਪਿੰਡਾਂ ਤੱਕ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਵੱਖ-ਵੱਖ ਮੀਟਿੰਗਾਂ ਕਰਕੇ ਸੂਬੇ ਲਈ ਵਿਸਥਾਰਤ ਰੂਪ-ਰੇਖਾ ਵੀ ਤਿਆਰ ਕਰ ਰਹੀ ਹੈ। ਇਸ ਨੂੰ ਬਾਅਦ ਵਿੱਚ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ।

'ਆਪ' ਨੇ ਇੱਕ ਬਿਆਨ 'ਚ ਕਿਹਾ ਕਿ ਕੇਜਰੀਵਾਲ ਔਰਤਾਂ ਲਈ ਵੀ ਵੱਡੇ ਐਲਾਨ ਕਰਨਗੇ। ਇਸ ਦੇ ਨਾਲ ਹੀ ਮੋਗਾ 'ਚ ਆਪਣੇ ਪ੍ਰੋਗਰਾਮ ਤੋਂ ਬਾਅਦ 'ਆਪ' ਮੁਖੀ ਕੇਜਰੀਵਾਲ ਲੁਧਿਆਣਾ 'ਚ ਪਾਰਟੀ ਦੀ ਮੀਟਿੰਗ 'ਚ ਸ਼ਿਰਕਤ ਕਰਨਗੇ। ਮੰਗਲਵਾਰ ਨੂੰ ਉਹ ਪਾਰਟੀ ਦੇ ਇੱਕ ਹੋਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਤੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਕੇਜਰੀਵਾਲ ਨੇ ਪਿਛਲੇ ਮਹੀਨੇ ਪੰਜਾਬ ਦਾ ਦੌਰਾ ਵੀ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਕਿਸਾਨਾਂ ਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਸੀ।


ਇਹ ਵੀ ਪੜ੍ਹੋ:Viral News : ਇਕ ਸ਼ੋਅ ਨੇ ਬਦਲ ਦਿੱਤੀ ਕਿਸਮਤ! ਨੌਜਵਾਨ ਨੇ ਇਕ ਝਟਕੇ 'ਚ ਇੰਝ ਕਮਾਏ 25 ਕਰੋੜ ਰੁਪਏ


ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904