ਪਟਿਆਲਾ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਦਾ ਚੋਣ ਮੈਨੀਫੈਸਟੋ ਸਿਰਫ ਚੋਣ ਜੁਮਲਾ ਨਹੀਂ ਹੋਵੇਗਾ। ਪਟਿਆਲਾ ਵਿਖੇ ਅਧਿਆਪਕਾਂ ਅਤੇ ਡਾਕਟਰਾਂ ਨਾਲ ਸੰਵਾਦ ਰਚਾ ਕੇ ਕੇਜਰੀਵਾਲ ਨੇ ਸਿੱਖਿਆ ਤੇ ਸਿਹਤ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਨੂੰ ਚਲਣ ਨਹੀਂ ਦੇ ਰਹੀ ਪਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੂਬੇ ’ਚ ਉਹ ਲੋਕ ਪੱਖੀ ਹਰ ਫ਼ੈਸਲਾ ਲਾਗੂ ਕਰਨਗੇ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਮੈਨੀਫੈਸਟੋ ਨੂੰ ਚੋਣ ਜੁਮਲਾ ਦੱਸੇ ਜਾਣ ’ਤੇ ਕਿਹਾ ਕਿ ‘ਆਪ’ ਲਈ ਚੋਣ ਮੈਨੀਫੈਸਟੋ ਮਹੱਤਵਪੂਰਨ ਹੈ ਅਤੇ ਉਹ ਜੋ ਲੋਕਾਂ ਨਾਲ ਵਾਅਦਾ ਕਰ ਰਹੇ ਹਨ, ਉਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨਗੇ। ਨਸ਼ਿਆਂ ਦੇ ਮੁੱਦੇ ’ਤੇ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ।
ਭ੍ਰਿਸ਼ਟਾਚਾਰ ਬਾਰੇ ਉਨ੍ਹਾਂ ਕਿਹਾ ਕਿ ਉਹ ਦਿੱਲੀ ਵਰਗਾ ਮਾਡਲ ਪੰਜਾਬ ’ਚ ਵੀ ਅਪਣਾਉਣਗੇ। ਉਹਨਾਂ ਆਖਿਆ ਕਿ ਪੰਜਾਬ ਵਿੱਚ ਕਿਸੇ ਵੀ ਕੀਮਤ ਉਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਾਈਵੇਟ ਕਾਲਜ, ਸਕੂਲ ਅਤੇ ਹੋਰ ਵਿਦਿਅਕ ਅਦਾਰੇ ਖੋਲ੍ਹੇ ਜਾਣ ਦੀ ਪੜਤਾਲ ਕਰਨ ਦਾ ਵਾਅਦਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ’ਚ ਕੋਈ ਖਾਮੀ ਮਿਲੀ ਤਾਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਕੇਜਰੀਵਾਲ ਨੇ ਆਖਿਆ ਕਿ ਦਿੱਲੀ ’ਚ ਮੁਹੱਲਾ ਕਲੀਨਿਕਾਂ ਵਾਂਗ ਪੰਜਾਬ ’ਚ ਵੀ ਅਜਿਹਾ ਪ੍ਰਬੰਧ ਅਪਣਾਇਆ ਜਾਏਗਾ ਅਤੇ ਮਰੀਜ਼ਾਂ ਦੇ ਟੈਸਟ ਅਤੇ ਦਵਾਈ ਮੁਫ਼ਤ ਮਿਲੇਗੀ।