ਪਟਿਆਲਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਭਰਾ ਬਿਕਰਮ ਮਜੀਠੀਆ ਖਿਲਾਫ਼ ਲਾਏ ਝੂਠੇ ਦੋਸ਼ਾਂ ਕਾਰਨ ਅਰਵਿੰਦ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਪਈ ਸੀ। ਇਸ ਕਰਕੇ ਹੀ ਹੁਣ ‘ਆਪ’ ਸਰਕਾਰ ਉਸ ਮੁਆਫੀ ਲਈ ਬਦਲਾ ਲੈ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਏਡੀਜੀਪੀ ਹਰਪ੍ਰੀਤ ਸਿੱਧੂ ਨਾਲ ਉਨ੍ਹਾਂ ਦੀ ਪਰਿਵਾਰਕ ਦੁਸ਼ਮਣੀ ਹੈ ਜਿਸ ਕਰਕੇ ਹੀ ਹਰਪ੍ਰੀਤ ਸਿੱਧੂ ਨੂੰ ਜਾਣਬੁਝ ਕੇ ਜੇਲ੍ਹਾਂ ਦਾ ਚਾਰਜ ਦਿੱਤਾ ਗਿਆ ਹੈ।

ਵੀਰਵਾਰ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਆਪਣੇ ਭਰਾ ਬਿਕਰਮ ਮਜੀਠੀਆ ਨਾਲ ਅੱਧਾ ਘੰਟਾ ਮੁਲਾਕਾਤ ਕਰਨ ਮਗਰੋਂ ਹਰਸਿਮਰਤ ਬਾਦਲ ਨੇ ਕਿਹਾ ਕਿ ਹਰਪ੍ਰੀਤ ਸਿੱਧੂ ਜੇਲ੍ਹ ਅੰਦਰ ਮਜੀਠੀਆ ਦਾ ਕੋਈ ਵੀ ਨੁਕਸਾਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਏਡੀਜੀਪੀ ਜੇਲ੍ਹਾਂ ਦੇ ਪਿਤਾ ਜੀ ਨੇ ਉਸ ਦੇ ਦਾਦਾ ਜੀ ’ਤੇ ਗੋਲੀ ਚਲਾਈ ਸੀ, ਇਸ ਤੋਂ ਇਲਾਵਾ ਉੁਨ੍ਹਾਂ ਦੀ ਚਾਚੀ ਦੀ ਜ਼ਮੀਨ ਹੜੱਪਣ ਦੀ ਵੀ ਕੋਸ਼ਿਸ਼ ਕੀਤੀ, ਪਟਿਆਲਾ ਵਾਲੀ ਜ਼ਮੀਨ ਤਾਂ ਬਰਾਬਰ ਵੰਡਾਉਣ ਵਿਚ ਪੂਰਾ ਜ਼ੋਰ ਲਾਇਆ ਪਰ ਚੰਡੀਗੜ੍ਹ ਦੇ ਸੈਕਟਰ-9 ਵਿਚਲੀ 100 ਕਰੋੜ ਦੀ ਕੋਠੀ ਮੌਜੂਦਾ ਏਡੀਜੀਪੀ ਜੇਲ੍ਹਾਂ ਨੇ ਹੜੱਪ ਲਈ। ਉਨ੍ਹਾਂ ਦੇ ਮੌਜੂਦਾ ਏਡੀਜੀਪੀ ਜੇਲ੍ਹਾਂ ਨਾਲ ਕੇਸ ਵੀ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਤਿੰਨਾਂ ਸਰਕਾਰਾਂ ਨੇ ਮਜੀਠੀਆ ਨਾਲ ਕਿੜ ਕੱਢੀ ਹੈ। ਕੈਪਟਨ ਸਰਕਾਰ ਨੇ ਉਸ ਨਾਲ ਘੱਟ ਨਹੀਂ ਗੁਜ਼ਾਰੀ। ਚੰਨੀ ਸਰਕਾਰ ਨੇ ਮਜੀਠੀਆ ’ਤੇ ਝੂਠਾ ਕੇਸ ਦਰਜ ਕੀਤਾ। ਬਿਕਰਮ ਖਿਲਾਫ਼ ਲਾਏ ਝੂਠੇ ਦੋਸ਼ਾਂ ਕਾਰਨ ਅਰਵਿੰਦ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਪਈ ਸੀ ਜਿਸ ਕਰਕੇ ਹੁਣ ‘ਆਪ’ ਸਰਕਾਰ ਉਸ ਮੁਆਫੀ ਲਈ ਬਦਲਾ ਲੈ ਰਹੀ ਹੈ।

ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਂਝ ਹੈ ਜਿਸ ਕਰਕੇ ਉਹ ਬਿਮਾਰੀ ਦੇ ਬਹਾਨੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਏਸੀ ਕਮਰਿਆਂ ਵਿੱਚ ਐਸ਼ ਕਰ ਰਿਹਾ ਹੈ ਪਰ ਬਿਕਰਮ ਬੇਕਸੂਰ ਹੈ ਤੇ ਉਸ ਨੂੰ ਅੱਠ ਬਾਈ ਅੱਠ ਸਾਈਜ਼ ਦੀ ਕੋਠੜੀ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਕਾਂਗਰਸ ਦੇ ਪਦ ਚਿੰਨ੍ਹਾਂ ’ਤੇ ਹੀ ਚੱਲ ਰਹੀ ਹੈ।