ਚੰਡੀਗੜ੍ਹ: ਪੰਜਾਬ ਕਾਂਗਰਸ ਹੀ ਨਹੀਂ, ਵਿਰੋਧੀ ਧਿਰ ‘ਆਮ ਆਦਮੀ ਪਾਰਟੀ’ (ਆਪ) ਦੀ ਅੰਦਰੂਨੀ ਹਾਲਤ ਵੀ ਠੀਕ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਆਪ’ ਦੇ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਪੀਰਮਲ ਸਿੰਘ ਧੌਲਾ ਨੂੰ ਕਾਂਗਰਸ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ’ਚ ‘ਆਮ ਆਦਮੀ ਪਾਰਟੀ’ ਡੂੰਘੇ ਸੰਕਟ ’ਚ ਹੈ। ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਾਰਟੀ ਮੁਖੀ ਅਰਵਿੰਦਰ ਕੇਜਰੀਵਾਲ ਹੁਣ ਤੁਰੰਤ ਡੈਮੇਜ ਕੰਟਰੋਲ ’ਚ ਜੁਟ ਗਏ ਹਨ।


ਵਿਧਾਨ ਸਭਾ ’ਚ ‘ਆਮ ਆਦਮੀ ਪਾਰਟੀ’ ਹੁਣ ਕੁੱਲ 20 ਵਿੱਚੋਂ 16 ਵਿਧਾਇਕ ਹੀ ਰਹਿ ਗਏ ਹਨ ਤੇ ਉਨ੍ਹਾਂ ਵਿੱਚੋਂ ਵੀ ਦੋ ਪਾਰਟੀ ਦੇ ਨਾਲ ਨਹੀਂ ਹਨ। ਕੰਵਰ ਸੰਧੂ ਅਤੇ ਨਾਜਰ ਸਿੰਘ ਮਾਨਸ਼ਾਹੀਆ ਵੀ ਕਿਸੇ ਵੀ ਸਮੇਂ ‘ਆਪ’ ਨੂੰ ਝਟਕਾ ਦੇ ਸਕਦੇ ਹਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ’ਚ ਉਨ੍ਹਾਂ ਦੀਆਂ ਸੀਟਾਂ ਵੱਖ ਕਰਨ ਨੂੰ ਆਖਿਆ ਹੋਇਆ ਹੈ। ਇਹ ਵਿਧਾਇਕ ਹਾਲੇ ਤਾਂ ਆਮ ਆਦਮੀ ਪਾਰਟੀ ਦੇ ਹੀ ਹਨ ਪਰ ਉਨ੍ਹਾਂ ਆਪਣੀ ਪਾਰਟੀ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।


ਸੂਤਰਾਂ ਅਨੁਸਾਰ ਕੇਜਰੀਵਾਲ ਵੀ ਆਪਣੇ ਵਿਧਾਇਕਾਂ ਨੂੰ ਛੇਤੀ ਹੀ ਦਿੱਲੀ ’ਚ ਤਲਬ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਆਗੂ ਬਾਹਰੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਤੋਂ ਨਾਰਾਜ਼ ਹਨ। ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦੀ ਕਮਾਂਡ ਸੌਂਪੇ ਜਾਣ ਦੀ ਮੰਗ ਵੀ ਕੁਝ ਉਚੇਰੀ ਹੁੰਦੀ ਜਾ ਰਹੀ ਹੈ।


ਖਰੜ ਦੇ ਵਿਧਾਇਕ ਕੰਵਰ ਸੰਧੂ ਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਨੇ ਜੇ ਸਮੀਕਰਨ ਵਿਗਾੜੇ, ਤਾਂ ਆਮ ਆਦਮੀ ਪਾਰਟੀ ਦੇ 15 ਵਿਧਾਇਕ ਰਹਿ ਜਾਣਗੇ। ਉਸ ਹਾਲਤ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਧਿਰ ਦਾ ਦਰਜਾ ਖ਼ਤਮ ਹੋ ਸਕਦਾ ਹੈ। ਹੁਣ ਇਹ ਵੇਖਣਾ ਵਧੇਰੇ ਦਿਲਚਸਪ ਹੋਵੇਗਾ ਕਿ ਕੇਜਰੀਵਾਲ ਡੈਮੇਜ ਕੰਟਰੋਲ ਕਰ ਸਕਣ ਵਿੱਚ ਕਿੰਨੇ ਕੁ ਸਫ਼ਲ ਰਹਿਣਗੇ।