ਬਰਨਾਲਾ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪਹੁੰਚੇ। ਕੇਜਰੀਵਾਲ ਪਹਿਲਾਂ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦੇ ਘਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ ਸਮਾਗਮ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸ਼ਰਧਾਂਜਲੀ ਸਮਾਗਮ ਵਿੱਚ 'ਆਪ' ਦੇ ਬਾਗ਼ੀ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਾਥੀ ਵਿਧਾਇਕ ਵੀ ਮੌਜੂਦ ਸਨ, ਪਰ ਉਨ੍ਹਾਂ ਦਾ ਆਪਸ ਵਿੱਚ ਮੇਲ ਨਾ ਹੋਇਆ।
ਸ਼ਰਧਾਂਜਲੀ ਸਮਾਗਮ ਵਿੱਚ ਸਟੇਜ ਦੀ ਕਾਰਵਾਈ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕੀਤੀ ਤੇ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਨੂੰ ਬੋਲਣ ਲਈ ਸੱਦਾ ਦਿੱਤਾ ਗਿਆ। ਖਹਿਰਾ ਨੇ ਕੁਲਵੰਤ ਪੰਡੋਰੀ ਦੇ ਪਿਤਾ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਬੇਬਾਕ ਅੰਦਾਜ਼ ਵਿੱਚ ਗੁਰਬਾਣੀ ਦਾ ਹਵਾਲਾ ਦਿੰਦਿਆਂ ਹੱਕ-ਸੱਚ ਦੀ ਗੱਲ ਕੀਤੀ ਤੇ ਗੰਧਲੀ ਹੋ ਚੁੱਕੀ ਪੂਰੇ ਦੇਸ਼ ਦੀ ਰਾਜਨੀਤੀ ਤੇ ਚੋਣ ਪ੍ਰਣਾਲੀ ਤੇ ਵੀ ਉਨ੍ਹਾਂ ਸਿਸਟਮ ਨੂੰ ਜ਼ਿੰਮੇਵਾਰ ਦੱਸਦਿਆਂ ਅਸਿੱਧੇ ਤੌਰ ਤੇ ਲੀਡਰਾਂ ਨੂੰ ਨਸੀਹਤਾਂ ਦਿੱਤੀਆਂ।
ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਹੋਰ ਕੋਈ ਵੀ ਗੱਲ ਨਾ ਕਰਦਿਆਂ ਸਿਰਫ ਕੁਲਵੰਤ ਪੰਡੋਰੀ ਦੇ ਪਿਤਾ ਨੂੰ ਹੀ ਸ਼ਰਧਾਂਜਲੀ ਭੇਟ ਕੀਤੀ ਤੇ ਕੋਈ ਵੀ ਸਿਆਸੀ ਗੱਲ ਨਹੀਂ ਕੀਤੀ। ਕੇਜਰੀਵਾਲ ਆਪਣਾ ਭਾਸ਼ਣ ਦੇ ਕੇ ਚਲੇ ਗਏ। ਇਸ ਮੌਕੇ ਖਹਿਰਾ ਤੇ ਉਨ੍ਹਾਂ ਦੇ ਸਾਥੀ ਵਿਧਾਇਕ ਸਿਰਫ ਪੰਜਾਹ ਕਦਮ ਦੂਰੀ 'ਤੇ ਬੈਠੇ ਸਨ। ਕੇਜਰੀਵਾਲ ਨੇ ਉਨ੍ਹਾਂ ਨਾਲ ਅੱਖ ਵੀ ਨਹੀਂ ਮਿਲਾਈ ਤੇ ਨਾ ਹੀ ਕੋਈ ਗੱਲਬਾਤ ਕੀਤੀ। ਇਸੇ ਤਰ੍ਹਾਂ ਖਹਿਰਾ ਨੇ ਵੀ ਉਨ੍ਹਾਂ ਨਾਲ ਕੋਈ ਵੀ ਗੱਲ ਨਹੀਂ ਕੀਤੀ।
ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ 'ਆਪ' ਦੇ ਕਲੇਸ਼ ਬਾਰੇ ਕਿਹਾ ਕਿ ਇਹ ਸਾਡਾ ਪਰਿਵਾਰਕ ਮਸਲਾ ਹੈ ਇਸ ਨੂੰ ਸੁਲਝਾ ਲਿਆ ਜਾਵੇਗਾ। ਜਦਕਿ, ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੇ ਆਉਣ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਕੋਈ ਮੀਟਿੰਗ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ ਹੈ।
ਇਸ ਸਮਾਗਮ ਵਿੱਚ ਖਹਿਰਾ ਤੇ ਕੇਜਰੀਵਾਲ ਨੇ ਆਪਣੀਆਂ ਵੱਖ-ਵੱਖ ਲਕੀਰਾਂ ਖਿੱਚੀ ਰੱਖੀਆਂ। ਇਸ ਮੌਕੇ ਕੇਜਰੀਵਾਲ ਤੇ ਖਹਿਰਾ ਦੀ ਦੂਰੀ ਹੋਰ ਵੀ ਵਧੀ ਦਿਖਾਈ ਦੇਣ ਲੱਗੀ ਤਾਂ ਉਹ ਆਪਣਾ ਭਾਸ਼ਣ ਦੇ ਕੇ ਸੁਨਾਮ ਵੱਲ ਰਵਾਨਾ ਹੋ ਗਏ। ਉੱਥੇ ਉਨ੍ਹਾਂ ਦੀ ਪਾਰਟੀ ਲੀਡਰਾਂ ਨਾਲ ਮੀਟਿੰਗ ਕਰਨੀ ਹੈ।
ਖਹਿਰਾ ਨੇ ਕਿਹਾ ਕਿ ਇਸ ਮੀਟਿੰਗ ਬਾਰੇ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੇ ਅਸੀਂ ਮੀਟਿੰਗ ਵਿੱਚ ਨਹੀਂ ਜਾ ਰਹੇ। ਉਨ੍ਹਾਂ ਕਿਹਾ ਅਸੀਂ ਬਠਿੰਡਾ ਦੀ ਕਨਵੈਨਸ਼ਨ ਵਿੱਚ ਪਾਏ ਗਏ ਮਤਿਆਂ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਜੋ ਪੰਜਾਬ ਦੇ ਲੋਕ ਹੁਕਮ ਕਰਨਗੇ ਉਸ ਅਨੁਸਾਰ ਅਗਲੀ ਰਣਨੀਤੀ ਉਲੀਕੀ ਜਾਵੇਗੀ। ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਲੇਸ਼ ਨੂੰ ਸਮੇਟਣਾ ਜਾਂ ਹੋਰ ਵਧਾਉਣਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।