ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੋਲ ਪਾਕਿਸਤਾਨੀ ਹਥਿਆਰ ਸਨ। ਇਨ੍ਹਾਂ ਦੇ ਨਾਲ ਦੋ ਐਨ.ਆਰ.ਆਈ. ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਅਮਰੀਕਾ ਦੀ ਗਰਮਖਿਆਲੀ ਜਥੇਬੰਦੀ 'ਸਿੱਖ ਫਾਰ ਜਸਟਿਸ' ਦੇ ਨੇਤਾ ਹਰਜਾਪ ਸਿੰਘ ਜਾਪੀ ਤੇ ਇਟਲੀ ਵਿੱਚ ਰਹਿ ਰਹੇ ਅਵਤਾਰ ਸਿੰਘ ਸ਼ਾਮਲ ਹਨ। ਇਹ ਦੋਵੇਂ ਹੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਪਹਿਲੀ ਵਾਰ 'ਸਿੱਖ ਫਾਰ ਜਸਟਿਸ' ਦਾ ਅੱਤਵਾਦੀ ਨਾਲ ਲਿੰਕ ਸਾਹਮਣੇ ਆਇਆ ਹੈ।
ਪੁਲਿਸ ਮੁਤਾਬਕ ਤਿੰਨਾਂ ਤੋਂ ਹੀ 3 ਪਿਸਟਲ, 15 ਬੁਲੇਟ ਪਰੂਫ ਜੈਕਟਾਂ ਤੇ ਵਿਸਫੋਟਕ ਬਰਾਮਦ ਕੀਤਾ ਗਿਆ ਹੈ। ਪੁੱਛਗਿਛ ਕਰ ਪਤਾ ਕੀਤਾ ਜਾ ਰਿਹਾ ਹੈ ਕਿ ਕਿੱਧਰੇ ਇਹ 15 ਅਗਸਤ ਨੂੰ ਵੱਡੀ ਘਟਨਾ ਨੂੰ ਅੰਜ਼ਾਮ ਤਾਂ ਨਹੀਂ ਦੇਣ ਦੀ ਤਿਆਰੀ ਵਿੱਚ ਸਨ। ਦੋ ਮਹੀਨੇ ਤੱਕ ਕਾਲ ਇੰਟਰਸੈਪਟ ਕਰਨ ਤੋਂ ਬਾਅਦ ਪੁਲਿਸ ਨੇ ਸਭ ਤੋਂ ਪਹਿਲਾਂ ਜਸਪ੍ਰੀਤ ਸਿੰਘ ਜੱਸਾ ਤੇ ਹਰਦੀਪ ਸਿੰਘ ਦੀਪਾ ਨੂੰ ਹੁਸ਼ਿਆਰਪੁਰ ਤੋਂ ਫੜਿਆ ਹੈ। ਇਸ ਤੋਂ ਬਾਅਦ ਪਿੰਡ ਮੋਹਲਾ ਸ਼ੇਖਾਂ ਦੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਚੱਬੇਵਾਲ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ।
ਫਿਲਹਾਲ ਤਿੰਨੇ ਪੁਲਿਸ ਰਿਮਾਂਡ 'ਤੇ ਹਨ। ਪੰਜਾਬ ਵਿੱਚ ਆਈ.ਐਸ.ਆਈ. ਨੇ ਇਨ੍ਹਾਂ ਖਾਲਿਸਤਾਨਿਆਂ ਨਾਲ ਮਿਲ ਕੇ ਅੱਤਵਾਦ ਨੂੰ ਦੁਬਾਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਹਥਿਆਰ ਤੇ ਬੁਲੇਟ ਪਰੂਫ ਜੈਕਟ ਪਾਕਿਸਤਾਨ ਤੋਂ ਆਏ ਸਨ। ਉਸ 'ਤੇ ਪਾਕਿਸਤਾਨ ਦਾ ਮਾਰਕਾ ਹੈ। ਇਹ ਤਰਨ ਤਾਰਨ ਦੇ ਕਿਸੇ ਇਲਾਕੇ ਤੋਂ ਲੈ ਕੇ ਆਏ ਸਨ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਦੀ ਕਰ ਰਹੀ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ ਤੇ ਭਾਰਤ ਵਿੱਚ ਕਿਵੇਂ ਦਾਖਲ ਹੋਏ।