ਅੰਮ੍ਰਿਤਸਰ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਚੀਨੀ ਮਿੱਲ ਵਿਰੁੱਧ ਮੁਹਿੰਮ ਛੇੜ ਦਿੱਤੀ ਹੈ। ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਪਿੰਡ ਬੁੱਟਰ ਸਿਵੀਆਂ ਪੁੱਜੇ ਤੇ ਇੱਥੇ ਲੋਕਾਂ ਨੂੰ ਮਿਲ ਰਹੇ ਹਨ।   ਦੋਵਾਂ ਲੀਡਰ ਸ਼ੂਗਰ ਮਿੱਲ ਦੇ ਪੀੜਤਾਂ ਨੂੰ ਵਿੱਤੀ ਮਦਦ ਦੇਣਗੇ। ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਹੋਈ ਹੈ। ਪੁਲਿਸ ਨੇ ਪਿੰਡ ਬੁੱਟਰ ਨੂੰ ਜਾਣ ਵਾਲੇ ਰਸਤਿਆਂ ਉਤੇ ਨਾਕਾਬੰਦੀ ਕੀਤੀ ਹੋਈ ਹੈ। ਸੁਖਪਾਲ ਖਹਿਰਾ ਨੇ ਇੱਥੇ ਕਿਹਾ ਕਿ ਰਾਣਾ ਗੁਰਜੀਤ ਨਾਲ ਉਨ੍ਹਾਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ। ਹਾਲਾਂਕਿ, ਬੀਤੇ ਮਹੀਨੇ ਰਾਣਾ ਗੁਰਜੀਤ ਦੇ ਪੁੱਤਰ ਨੇ ਖਹਿਰਾ ਨਾਲ ਇੱਕ ਕੋਠੀ ਦਾ ਰੌਲ਼ਾ ਹੋਣ ਦੀ ਗੱਲ ਕਹੀ ਸੀ। ਨਾਲ ਹੀ ਖਹਿਰਾ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਦੀ ਫੱਟੀ ਪੋਚ ਕੇ ਰਹਾਂਗੇ। ਸਿਮਰਜੀਤ ਬੈਂਸ ਨੇ ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਦੀ ਸਰਕਾਰ ਵਿਰੁੱਧ ਵੀ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੀ ਪਤਨੀ ਦੀ ਮੌਤ ਕੈਂਸਰ ਨਾਲ ਹੋਈ ਪਰ ਉਨ੍ਹਾਂ ਕੋਈ ਸਬਕ ਨਹੀਂ ਲਿਆ। ਬੈਂਸ ਨੇ ਕਿਹਾ ਕਿ ਜਿਹੜੀਆਂ ਫ਼ੈਕਟਰੀਆਂ ਕੈਂਸਰ ਜਾਂ ਹੋਰ ਬਿਮਾਰੀਆਂ ਫੈਲਾ ਰਹੀਆਂ ਹਨ ਬਾਦਲਾਂ ਨੇ ਉਸ ਨੂੰ ਹਮੇਸ਼ਾ ਪ੍ਰਮੋਟ ਕੀਤਾ ਅਤੇ ਉਹੀ ਕੰਮ ਹੁਣ ਕੈਪਟਨ ਕਰ ਰਹੇ ਹਨ।