ਚੰਡੀਗੜ੍ਹ: ਮੁਹਾਲੀ ਦੇ oz ਜਿੰਮ ਦੇ ਪੂਲ ਵਿੱਚ 54 ਸਾਲ ਦੀ ਔਰਤ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਮੀਤ ਕੌਰ ਨੇ ਦੋ ਦਿਨ ਪਹਿਲਾਂ ਹੀ ਜਿੰਮ ਵਿੱਚ ਸਵਿਮਿੰਗ ਸ਼ੁਰੂ ਕੀਤੀ ਸੀ। ਘਟਨਾ ਬੀਤੀ ਸ਼ਾਮ ਸੱਤ ਤੋਂ ਸਾਢੇ ਸੱਤ ਵਜੇ ਦਰਮਿਆਨ ਦੀ ਹੈ।   ਸੈਕਟਰ 70 ਦੀ ਰਹਿਣ ਵਾਲੀ ਗੁਰਮੀਤ ਕੌਰ ਦੀ ਮੌਤ ਉਦੋਂ ਹੋਈ ਜਦ ਪੂਲ ਵਿੱਚ ਟ੍ਰੇਨਰ ਵੀ ਮੌਜੂਦ ਸੀ। ਜਿਸ ਪੂਲ ਵਿੱਚ ਗੁਰਮੀਤ ਕੌਰ ਤੈਰਾਕੀ ਕਰ ਰਹੀ ਸੀ, ਦੀ ਡੂੰਘਾਈ ਤਕਰੀਬਨ ਛੇ ਫੁੱਟ ਸੀ। ਪੁਲਿਸ ਨੇ ਗੁਰਮੀਤ ਕੌਰ ਦੀ ਲਾਸ਼ ਪੋਸਟਮਾਰਟਮ ਲਈ ਛੇ ਫੇਜ਼ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਮੂੰਹ ਵਿੱਚੋਂ ਖ਼ੂਨ ਵਹਿ ਰਿਹਾ ਸੀ। ਪੁਲਿਸ ਜਿੰਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਸਹਾਇਤਾ ਨਾਲ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ। ਮੋਹਾਲੀ ਫੇਸ ਇੱਕ ਥਾਣੇ ਦੇ ਮੁਖੀ ਰਾਜਨ ਪਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਵਿੱਚ ਗੁਰਮੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਅਜੇ ਕੋਈ ਬਿਆਨ ਨਹੀਂ ਲਿਖਾਇਆ। ਪੁਲਿਸ ਨੇ ਹਾਦਸੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪਰ ਅਗਲੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਹੀ ਕੀਤੀ ਜਾਵੇਗੀ।