ਕੋਟਕਪੂਰਾ: ਪਿੰਡ ਬਰਗਾੜੀ ਵਿੱਚ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜੱਥੇਦਾਰ ਧਿਆਨ ਸਿੰਘ ਮੰਡ ਦੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਾਏ ਧਰਨੇ ਵਿੱਚ ਪੁੱਜੇ ਸੁਖਪਾਲ ਖਹਿਰਾ ਆਪਣੇ ਪੁਰਾਣੇ ਬਿਆਨ ਤੋਂ ਪਲਟ ਗਏ ਹਨ।   ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਉਹ ਰੈਫਰੈਂਡਮ 2020 ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਟਵਿੱਟਰ 'ਤੇ ਵੀ ਲਿਖਿਆ ਕਿ ਉਹ ਰੈਫਰੰਡਮ ਲਈ ਵੋਟ ਨਹੀਂ ਕਰਨਗੇ, ਪਰ 1984 ਦੇ ਆਪ੍ਰੇਸ਼ਨ ਬਲੂ ਸਟਾਰ ਤੇ ਸਿੱਖਾਂ ਦੀ ਨਸਲਕੁਸ਼ੀ ਨੂੰ ਰੈਫਰੰਡਮ ਦਾ ਕਾਰਨ ਮੰਨਿਆ। https://twitter.com/SukhpalKhaira/status/1007932691529027584 ਖਹਿਰਾ ਨੇ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਨ। ਉਨ੍ਹਾਂ ਟਵੀਟ ਰਾਹੀਂ ਕੈਪਟਨ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਅੰਮ੍ਰਿਤਸਰ ਵਾਲੇ ਮਤੇ ਦੇ ਹਿੱਸੇਦਾਰ ਨਹੀਂ ਸਨ, ਜੋ ਕਿ ਰੈਫਰੰਡਮ ਦੇ ਸਮਾਨ ਹੀ ਸੀ। ਖਹਿਰਾ ਨੇ ਬਿਕਰਮ ਮਜੀਠਿਆ ਵੱਲੋਂ ਦਿੱਤੇ ਪ੍ਰਤੀਕਰਮ 'ਤੇ ਸਵਾਲ ਕੀਤਾ ਕਿਹਾ ਕਿ ਕੀ ਮਜੀਠੀਆ ਨੂੰ ਆਪਣੇ ਬਜ਼ੁਰਗਾਂ ਦਾ ਇਤਹਾਸ ਪਤਾ ਨਹੀਂ। https://twitter.com/SukhpalKhaira/status/1007933860359884800 ਸੁਖਪਾਲ ਖਹਿਰਾ ਦੇ ਬਿਆਨ ਤੋਂ ਬਾਅਦ ਟਵਿੱਟਰ ਵਾਰ ਭਖ਼ ਚੁੱਕੀ ਹੈ। ਆਮ ਆਦਮੀ ਪਾਰਟੀ ਲਈ ਅਜਿਹਾ ਵਿਵਾਦ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਾਲਿਸਤਾਨੀ ਪੱਖੀ ਹੋਣ ਦੇ ਇਲਜ਼ਾਮ ਲੱਗੇ ਸਨ ਤੇ ਦੂਜੀਆਂ ਪਾਰਟੀਆਂ ਨੇ ਇਸ 'ਤੇ 'ਆਪ' ਨੂੰ ਕਾਫੀ ਲਤਾੜਿਆ ਸੀ। ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਖੁੱਲ੍ਹੇ ਮੋਰਚੇ ਨੂੰ ਅੱਜ 16 ਦਿਨ ਹੋ ਗਏ ਹਨ। ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਲਗਾਤਾਰ ਹੀ ਇਸ ਮੋਰਚੇ 'ਤੇ ਹਨ ਤੇ ਸਰਕਾਰ ਨੂੰ ਮਜਬੂਰਨ ਇੱਥੇ ਤਕ ਆਉਣਾ ਪਵੇਗਾ ਅਤੇ ਜੋ ਵੀ ਦੋਸ਼ੀ ਹੈ ਉਸ ਨੂੰ ਸਾਹਮਣੇ ਲਿਆਵੇ ਅਤੇ ਸਖ਼ਤ ਕਾਰਵਾਈ ਕਰੇ।