ਚੰਡੀਗੜ੍ਹ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸਿੱਖ ਰੈਫਰੰਡਮ 2020 ਨੂੰ ਆਪਣੇ ਸਮਰਥਨ ਸਬੰਧੀ ਦਿੱਤੇ ਬਿਆਨ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਖਹਿਰਾ ਦੇ ਬਿਆਨ ਦੀ ਸਾਰੇ ਪਾਸਿਉਂ ਨਿਖੇਧੀ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਤੋਂ ਦਖ਼ਲ ਦੀ ਮੰਗ ਕੀਤੀ ਹੈ। https://twitter.com/capt_amarinder/status/1007912168275103744 ਮੁੱਖ ਮੰਤਰੀ ਨੇ ਟਵੀਟ ਕਰ 'ਆਪ' ਦੇ ਕੌਮੀ ਕਨਵੀਨਰ ਤੋਂ ਇਸ ਮੁੱਦੇ 'ਤੇ ਉਨ੍ਹਾਂ ਦਾ ਸਟੈਂਡ ਸਪੱਸ਼ਟ ਕਰਨ ਨੂੰ ਕਿਹਾ। ਕੈਪਟਨ ਨੇ ਕੇਜਰੀਵਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਵੱਲੋਂ ਪੰਜਾਬ ਤੇ ਅਖੰਡ ਭਾਰਤ ਨੂੰ ਖੇਰੂੰ-ਖੇਰੂੰ ਕਰਣ ਵਾਲੇ ਰੈਫਰੰਡਮ 2020 ਦੀ ਸਖ਼ਤ ਨਿੰਦਾ ਕਰਦੇ ਹਨ। ਮੁੱਖ ਮੰਤਰੀ ਨੇ ਰੈਫਰੰਡਮ ਸਬੰਧੀ ਇੱਕ ਤਸਵੀਰ ਸਾਂਝੀ ਕਰਦਿਆਂ ਇਸ ਦੇ ਟੀਚਿਆਂ ਬਾਰੇ ਜਾਣਨ ਲਈ ਕਿਹਾ ਹੈ। https://twitter.com/AroraAmanSunam/status/1007901790115848192 ਉੱਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪਾਰਟੀ ਦੇ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਨੇ ਰੈਫਰੰਡਮ ਸਬੰਧੀ ਬਿਆਨ ਨੂੰ ਉਨ੍ਹਾਂ ਦੇ ਨਿਜੀ ਵਿਚਾਰ ਦੱਸਦਿਆਂ ਕਿਹਾ ਕਿ ਇਹ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ। ਇਸ ਤੋਂ ਪਹਿਲਾਂ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਨੇ ਖਹਿਰਾ ਦੇ ਬਿਆਨ 'ਤੇ ਕਾਫੀ ਵਿਰੋਧ ਜਤਾਇਆ ਸੀ। ਜ਼ਿਕਰਯੋਗ ਹੈ ਕਿ ਖਹਿਰਾ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਰੈਫਰੰਡਮ 2020 ਦਾ ਸਮਰਥਨ ਕਰਦੇ ਹਨ ਕਿਉਂਕਿ ਉਹ ਅੱਤ ਦਾ ਸੰਤਾਪ ਹੰਢਾ ਚੁੱਕੇ ਸਿੱਖਾਂ ਵੱਲੋਂ ਆਪਣੇ ਹੱਕ ਮੰਗਣ ਦਾ ਇੱਕ ਜ਼ਰੀਆ ਹੈ।