ਮੋਗਾ: ਜ਼ਿਲ੍ਹਾ ਮੋਗਾ ਵਿੱਚ ਪਿਛਲੇ 18 ਦਿਨਾਂ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਹੈ। ਅੱਜ ਝੰਡਾ ਲਹਿਰਾਉਣ ਦੀ ਇਹ ਘਟਨਾ ਬਾਘਾਪੁਰਾਣਾ ਤਹਿਸੀਲ ਕੰਪਲੈਕਸ 'ਚ ਵਾਪਰੀ ਹੈ। ਜਿਸ ਸਥਾਨ ਉੱਤੇ ਇਹ ਖਾਲਿਸਤਾਨ ਲਿਖਤ ਕੇਸਰੀ ਝੰਡਾ ਝੁਲਾਇਆ ਗਿਆ ਹੈ, ਉਸ ਸਥਾਨ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਹਰ ਸਾਲ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਨੂੰ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ।
ਇਸ ਤੋਂ ਪਹਿਲਾਂ 14 ਅਗਸਤ ਨੂੰ ਖਾਲਿਸਤਾਨ ਦਾ ਝੰਡਾ ਮੋਗਾ ਦੇ ਡੀਸੀ ਦਫਤਰ ਦੇ ਉੱਪਰ ਲਹਿਰਾਇਆ ਗਿਆ ਸੀ। ਦੂਜੀ ਵਾਰ ਝੰਡਾ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ, ਪਿੰਡ ਡੁਡੀਕੇ ਵਿੱਚ 16 ਅਗਸਤ ਨੂੰ ਲਹਿਰਾਇਆ ਗਿਆ ਸੀ। ਤੀਜੀ ਵਾਰ 23 ਅਗਸਤ ਨੂੰ ਮੋਗਾ ਕੋਟਕਪੂਰਾ ਬਾਈਪਾਸ ਦੇ ਓਵਰ ਬ੍ਰਿਜ ਉੱਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ।
ਤਹਿਸੀਲ ਕੰਪਲੈਕਸ ਅੰਦਰ ਐਸਡੀਐਮ ਦਫ਼ਤਰ ਅਤੇ ਜੁਡੀਸ਼ਲ ਕੋਰਟ ਵੀ ਹੈ, ਅੱਜ ਸਵੇਰੇ ਕਰੀਬ ਸਵਾ 9 ਵਜੇ ਤੱਕ ਇਹ ਖਾਲਿਸਤਾਨੀ ਝੰਡਾ ਲਹਿਰਾਉਂਦਾ ਰਿਹਾ। ਕਈ ਸਰਕਾਰੀ ਕਰਮਚਾਰੀ ਵੀ ਦਫ਼ਤਰਾਂ ਵਿੱਚ ਆ ਗਏ ਪਰ ਕਿਸੇ ਨੂੰ ਪਤਾ ਨਾ ਲੱਗਾ। ਇਸ ਦੌਰਾਨ ਸੀਆਈਡੀ ਮੁਲਾਜ਼ਮਾਂ ਦੀ ਅੱਖ ਪਈ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਕਰੀਬ ਸਾਢੇ 9 ਵਜੇ ਖਾਲਿਸਤਾਨ ਦਾ ਝੰਡਾ ਉਤਾਰ ਕੇ ਕਬਜ਼ੇ ਵਿੱਚ ਲਿਆ।
ਫਿਲਹਾਲ ਇਸ ਮਾਮਲੇ ਤੇ ਮੋਗਾ ਦੇ ਸੀਨੀਅਰ ਅਧਿਕਾਰੀਆਂ ਨੇ ਬੋਲਣ ਤੋਂ ਮਨ੍ਹਾਂ ਕੀਤਾ।ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਵਾਰ-ਵਾਰ ਮੋਗਾ ਵਿੱਚ ਹੀ ਐਸੀਆਂ ਘੱਟਨਾਵਾਂ ਕਿਉਂ ਵਾਪਰ ਰਹੀਆਂ ਹਨ। ਐਸੇ ਕਹਿੜੇ ਸ਼ਰਾਰਤੀ ਅਨਸਰ ਹਨ ਜੋ ਜ਼ਿਲ੍ਹਾ ਮੋਗਾ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ:Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ