Punjab News: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਇਮਾਰਤਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। 


ਇਸੇ ਲੜੀ ਤਹਿਤ ਐਤਵਾਰ ਰਾਤ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਕਸਬਾ ਅਤੇ ਰੋਡੇ ਪਿੰਡ ਦੇ ਐਸਡੀਐਮ ਦਫ਼ਤਰ ਵਿੱਚ ਕਈ ਥਾਵਾਂ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਸੋਮਵਾਰ ਸਵੇਰੇ ਐਸਡੀਐਮ ਦਫ਼ਤਰ ਦੇ ਬਾਹਰ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਦੇ ਹੀ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। 


ਹਾਲਾਂਕਿ ਇਸ ਦੌਰਾਨ ਕਾਹਲੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੰਧਾਂ ’ਤੇ ਲਿਖੇ ਨਾਅਰਿਆਂ ’ਤੇ ਰੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਨਿਸ਼ਾਨ ਕੰਧਾਂ ’ਤੇ ਹੀ ਰਹਿ ਗਏ।ਐਤਵਾਰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦਾ ਮਾਮਲਾ ਸੋਮਵਾਰ ਸਵੇਰੇ ਜ਼ਿਲ੍ਹ ਅਤੇ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਆਉਂਦੇ ਹੀ ਹਲਚਲ ਮਚ ਗਈ।


ਇਸ ਦੌਰਾਨ ਅਧਿਕਾਰੀ ਨੇ ਕਾਹਲੀ ਵਿੱਚ ਮੌਕੇ ’ਤੇ ਪੁੱਜ ਕੇ ਕੰਧਾਂ ’ਤੇ ਲਿਖੇ ਨਾਅਰਿਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਕੰਧਾਂ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾ ਸਕਿਆ। ਪੁਲਿਸ ਨਾਅਰੇ ਲਿਖਣ ਵਾਲਿਆਂ ਦੀ ਭਾਲ ਕਰ ਰਹੀ ਹੈ ਪਰ ਕੋਈ ਵੀ ਅਧਿਕਾਰੀ ਮੀਡੀਆ ਸਾਹਮਣੇ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।


ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਅਜਨਾਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਮੁੜ ਤੋਂ ਖ਼ਾਲਿਸਤਾਨ ਦਾ ਮੁੱਦਾ ਗਰਮਾ ਗਿਆ ਹੈ। ਇਸ ਬਾਬਤ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਤਪਾਲ ਸਿੰਘ ਨੇ ਕਿਹਾ ਸੀ ਕਿ ਜੇ ਪੁਲਿਸ ਨੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਿਆ ਤਾਂ ਹਿੰਸਾ ਨੂੰ ਰੋਕਣਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਹੋਵੇਗਾ। ਅੱਤਵਾਦ ਅਜਿਹੀ ਚੀਜ਼ ਨਹੀਂ ਹੈ ਜੋ ਮੈਂ ਸ਼ੁਰੂ ਕਰ ਸਕਦਾ ਹਾਂ। ਅੱਤਵਾਦ ਨੂੰ ਕੋਈ ਸ਼ੁਰੂ ਜਾਂ ਖਤਮ ਨਹੀਂ ਕਰ ਸਕਦਾ। ਇਹ ਕੁਦਰਤੀ ਹੈ। ਅੱਤਵਾਦ ਉਦੋਂ ਪੈਦਾ ਹੁੰਦਾ ਹੈ ਜਦੋਂ ਕਿਸੇ ਨੂੰ ਹੱਦ ਤੋਂ ਵੱਧ ਦੱਬਿਆ ਜਾਂਦਾ ਹੈ।


ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਇੱਕ ਆਮ ਜਿਹੀ ਗੱਲ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਕੋਈ ਪੰਜਾਬੀ ਨਾ ਹੋਵੇ ਅਤੇ ਪੰਜਾਬ ਨਾ ਆਵੇ ਤਾਂ ਉਸ ਨੂੰ ਡਰ ਲੱਗਦਾ ਹੈ। ਪਰ ਅਜਿਹਾ ਨਹੀਂ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਹ ਕੋਈ ਅਪਰਾਧ ਨਹੀਂ ਹੈ। ਸੰਗਰੂਰ ਤੋਂ ਸੰਸਦ ਮੈਂਬਰ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹਨ।