Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਗੁਜਰਾਤ ’ਚ ਭਾਵਨਗਰ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਤੇ ਦਿੱਲੀ ਵਿਚਲੀਆਂ ਸਰਕਾਰਾਂ ਉਨ੍ਹਾਂ ਦੇ ਪਿਆਜ਼ ਖਰੀਦਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਾਟਾ ਨਹੀਂ ਝੱਲਣਾ ਪਵੇਗਾ।
ਭਾਵਨਗਰ ਜ਼ਿਲ੍ਹੇ ਦੇ ਕਈ ਕਿਸਾਨਾਂ ਵੱਲੋਂ ਮਾਨ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਮਾਨ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਅਪੀਲ ਕੀਤੀ। ਇੱਥੇ ਭਰਵੀਂ ਪੈਦਾਵਾਰ ਹੋਣ ਕਾਰਨ ਪਿਆਜ਼ ਦੀਆਂ ਕੀਮਤਾਂ ਬਹੁਤ ਹੇਠਾਂ ਗਈਆਂ ਹਨ।
ਮਾਨ ਨੇ ‘ਆਪ’ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਇਸੂਦਾਨ ਗੜਵੀ ਨੂੰ ਕਿਸਾਨਾਂ ਦੇ ਵੇਰਵੇ ਇਕੱਠੇ ਕਰਨ ਲਈ ਕਿਹਾ ਤਾਂ ਜੋ ਪਾਰਟੀ ਇਹ ਮੁੱਦਾ ਆਗਾਮੀ ਪਾਰਟੀਮੈਂਟ ਦੇ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਚੁੱਕ ਸਕੇ।
ਮੁੱਖ ਮੰਤਰੀ ਮਾਨ ਨੇ ਕਿਹਾ,‘ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਤੁਹਾਡੀ ਤਕਲੀਫ ਸਮਝਦਾ ਹਾਂ। ਆਪਣੀ ਫ਼ਸਲ ਬਰਬਾਦ ਨਾ ਕਰੋ। ਮੈਂ ਪੰਜਾਬ ਤੇ ਦਿੱਲੀ ਵਿੱਚ ਪਿਆਜ਼ ਦੀ ਮੰਗ ਬਾਰੇ ਪਤਾ ਕਰਵਾਵਾਂਗਾ ਤੇ ਇੱਥੋਂ ਰੇਲ ਗੱਡੀ ਰਾਹੀਂ ਤੁਹਾਡਾ ਪਿਆਜ਼ ਉੱਥੇ ਭੇਜਿਆ ਜਾਵੇਗਾ।’