ਰੂਪਨਗਰ: ਅੱਜ ਦੁਸਹਿਰੇ ਮੌਕੇ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਮੌਜੂਦ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ 'ਖ਼ਾਲਸਾ ਦਰਬਾਰ ਦੁਸਹਿਰਾ' ਸਜਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਹੀਦਾਂ ਨੂੰ ਨਤਮਸਤਕ ਹੋਈਆਂ। ਇਸ ਮੌਕੇ ਧਾਰਮਿਕ ਦੀਵਾਨਾਂ ਵਿੱਚ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਗਿਆ ਤੇ ਚਾਹਵਾਨ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਨਾਲ ਜੋੜਿਆ ਗਿਆ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਪਾਇਲ ਵਿਖੇ ਰਾਵਣ ਸਾੜ ਕੇ ਨਹੀਂ ਬਲਕਿ ਉਸ ਦੀ ਪੂਜਾ ਕਰਕੇ ਦੁਸਹਿਰਾ ਮਨਾਇਆ ਜਾਂਦਾ ਹੈ। ਪਾਇਲ ਦੇ ਮੰਦਰ ਵਿੱਚ 1835 ਈਸਵੀ ਤੋਂ ਰਾਵਣ ਪੂਜਾ ਦੀ ਰੀਤ ਚੱਲਦੀ ਆਈ ਹੈ। ਹਾਲਾਂਕਿ, ਇੱਥੇ 135 ਸਾਲ ਪੁਰਾਣੇ ਮੰਦਰ ਵਿੱਚ ਰਾਮ, ਲਛਮਣ ਤੇ ਸੀਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ। ਦੁਬੇ ਵੰਸ਼ ਦੇ ਲੋਕਾਂ ਨੇ ਇੱਥੇ ਰਾਵਣ ਦੀ 25 ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਹੋਈ ਹੈ ਤੇ ਉਹ ਹਰ ਸਾਲ ਦੁਸ਼ਹਿਰੇ ਮੌਕੇ ਇਸ ਦੀ ਪੂਜਾ ਕਰਗੇ ਹਨ। ਉੱਧਰ 'ਖ਼ਾਲਸਾ ਦਰਬਾਰ ਦੁਸ਼ਹਿਰਾ' ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਵੀ ਸਿੱਖ ਸੰਗਤਾਂ ਨਾਲ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਦੱਸਿਆ ਕੇ ਸ਼ਹੀਦਾਂ ਦੀ ਇਸ ਧਰਤੀ ਤੇ 18 ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੁਸ਼ਹਿਰੇ ਮੌਕੇ ਸ਼ਹੀਦਾਂ ਨੂੰ ਨਮਨ ਕਰਨ ਲਈ 'ਖ਼ਾਲਸਾ ਦਰਬਾਰ' ਸਜਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ। ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਦੁਸ਼ਹਿਰੇ ਦੇ ਮੌਕੇ ਰਾਵਣ ਦਾ ਪੁਤਲਾ ਨਹੀਂ ਫੂਕਿਆ ਜਾਂਦਾ ਸਗੋਂ ਇੱਥੇ ਮੌਜੂਦ ਗੁਰੂਦਵਾਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਖਾਲਸਾ ਦਰਬਾਰ ਦੁਸ਼ਹਿਰਾ ਸਜਾਇਆ ਜਾਂਦਾ ਹੈ, ਜਿਸ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਗੁਰੂਘਰ ਵਿੱਚ ਮੱਥਾ ਟੇਕ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ। ਇਸ ਇਲਾਕੇ ਵਿੱਚ ਰਾਮਲੀਲ੍ਹਾ ਤਾਂ ਖੇਡੀ ਜਾਂਦੀ ਹੈ ਪ੍ਰੰਤੂ ਰਾਵਣ ਦਾ ਪੁਤਲਾ ਨਹੀਂ ਫੂਕਿਆ ਜਾਂਦਾ। ਹੈਡ ਗ੍ਰੰਥੀ ਅਮਰੀਕ ਸਿੰਘ ਨੇ ਦੱਸਿਆ ਕੇ ਇਹ ਹੀ ਕੇਵਲ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਦੁਸਹਿਰੇ ਦਾ ਤਿਓਹਾਰ ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕੇ ਇਤਿਹਾਸਿਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਸਿਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦਾ ਸ਼ਹੀਦੀ ਸਥਾਨ ਹੈ। ਇੱਥੇ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ਼ੁਸੋਭਿਤ ਹੈ।