ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਬੇਅਦਬੀ ਤੇ ਗੋਲੀ ਕਾਂਡ ਬਣ ਗਿਆ ਹੈ। ਅਕਾਲੀ ਦਲ ਨੂੰ ਘੇਰਨ ਲਈ ਸਿੱਖ ਜਥੇਬੰਦੀਆਂ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਵਿੱਚ ਸਰਗਰਮ ਹੋ ਗਈਆਂ ਹਨ। ਐਤਵਾਰ ਨੂੰ ਬਠਿੰਡਾ ਵਿੱਚ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਦਾ ਕਈ ਥਾਈਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ।

ਹੁਣ ਜੇਲ੍ਹ ਵਿੱਚ ਬੰਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ 12 ਮੈਂਬਰੀ ਕਮੇਟੀ ਨੇ ਚੋਣਾਂ ਤੋਂ ਪਹਿਲਾਂ 12 ਮਈ ਨੂੰ ਬਠਿੰਡਾ ਹਲਕੇ ਵਿੱਚ ਬੇਅਦਬੀ ਤੇ ਬਰਗਾੜੀ ਮੁੱਦਿਆਂ ’ਤੇ ਖ਼ਾਲਸਾਈ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਕਮੇਟੀ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ 12 ਮਈ ਨੂੰ ਬਠਿੰਡਾ ਦੇ ਗੁਰਦੁਆਰਾ ਗੁਰੂਸਰ ਤੋਂ ਬਠਿੰਡਾ ਦੀਆਂ ਸੜਕਾਂ ’ਤੇ ਖ਼ਾਲਸਈ ਮਾਰਚ ਕੱਢਿਆ ਜਾਵੇਗਾ। ਮਾਰਚ ਵਿੱਚ ਸ਼ਾਮਲ ਵਿਅਕਤੀ ਬਸੰਤੀ ਰੰਗ ਦੀਆਂ ਦਸਤਾਰਾਂ ਸਜਾਉਣਗੇ ਤੇ ਖ਼ਾਲਸਈ ਝੰਡੇ ਲੈ ਕੇ ਚੱਲਣਗੇ।

ਇਸ ਮਾਰਚ ਵਿਚ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ ਤੇ ਬਾਦਲ ਪਰਿਵਾਰ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਖੋਲ੍ਹਿਆ ਜਾਵੇਗਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਰਗਾੜੀ ਮੋਰਚੇ ਦੇ ਮੰਚ ਤੋਂ ਕੀਤੇ ਗਏ ਵਾਅਦੇ ਤੋਂ ਮੁੱਕਰ ਚੁੱਕੀ ਹੈ। ਸਰਕਾਰ ਨੇ ਨਾ ਤਾਂ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਕੀਤੀ ਹੈ ਤੇ ਨਾ ਹੀ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਹੈ।

ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਅਜੇ ਤਕ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀਆਂ ਜ਼ਮਾਨਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਪੰਥਕ ਜਥੇਬੰਦੀਆਂ, ਬੁੱਧੀਜੀਵੀਆਂ ਤੇ ਨਿਆਂ ਪਸੰਦ ਲੋਕਾਂ ਨੂੰ 12 ਮਈ ਦੇ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।