ਅੰਮ੍ਰਿਤਸਰ: ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕਰਮਾ ਵਿੱਚ ਵੀਡੀਓ ਬਣਾ ਕੇ ਟਿਕ-ਟੌਕ 'ਤੇ ਅਪਲੋਡ ਕਰਨ ਦੇ ਇਲਜ਼ਾਮ ਹਨ। ਦੱਸ ਦੇਈਏ ਸ੍ਰੀ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀਡੀਓਗ੍ਰਾਫ਼ੀ ਕਰਨ 'ਤੇ ਰੋਕ ਲਾਈ ਹੋਈ ਹੈ ਇਸ ਦੇ ਬਾਵਜੂਦ ਇਨ੍ਹਾਂ ਨੇ ਪਵਿੱਤਰ  ਪਰਿਕਰਮਾ ਵਿੱਚ ਡਾਂਸ ਕੀਤਾ ਤੇ ਵੀਡੀਓ ਬਣਾਈ।

ਹਾਸਲ ਜਾਣਕਾਰੀ ਮੁਤਾਬਕ 25 ਅਪਰੈਲ ਦੀ ਰਾਤ ਲਗਪਗ 12 ਵਜੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਸਰੋਵਰ ਕਿਨਾਰੇ ਖੜੇ ਹੋ ਕੇ ਨੌਜਵਾਨਾਂ ਨੇ ਡਾਂਸ ਕੀਤਾ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਐਪ ਟਿਕਟੌਕ 'ਤੇ ਸ਼ੇਅਰ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਤੇ ਪਰਮਜੀਤ ਵਾਸੀ ਯਮੁਨਾਨਗਰ (ਹਰਿਆਣਾ) ਵਜੋਂ ਹੋਈ ਹੈ।

ਦੱਸ ਦੇਈਏ ਇਹ ਵੀਡੀਓ ਵਾਇਰਲ ਹੋਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਤੇ ਥਾਣਾ ਈ ਡਿਵੀਜ਼ਨ ਵਿੱਚ ਮਾਮਲਾ ਦਰਜ ਕਰਵਾਇਆ। ਪਰਿਕਰਮਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਸ਼ੁਰੂ ਕੀਤੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਬਣਾਉਣ ਵਾਲੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਹਰਿਆਣਾ ਦੇ ਯਮੁਨਾਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯਾਦ ਰਹੇ ਪਿਛਲੇ ਮਹੀਨੇ ਵੀ ਇੱਕ ਲੜਕੀ ਨੇ ਇਸੇ ਤਰ੍ਹਾਂ ਦੀ ਵੀਡੀਓ ਬਣਾਈ ਸੀ। ਬਾਅਦ ਵਿੱਚ ਉਸ ਨੇ ਮੁਆਫ਼ੀ ਮੰਗ ਲਈ ਸੀ।