ਖੰਨਾ : ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਹਾਲੇ ਵੀ ਪੰਜਾਬ ਅੰਦਰ ਨਜਾਇਜ਼ ਹਥਿਆਰਾਂ ਦੀ ਸਪਲਾਈ ਜਾਰੀ ਹੈ। ਖੰਨਾ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ 4 ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ ,ਜੋ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਸਨ। ਜਿਸ ਕਰਕੇ ਸ਼ੱਕ ਹੈ ਕਿ ਇਹ ਪੰਜਾਬ ਅੰਦਰ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਮੈਂਬਰ ਹੋ ਸਕਦੇ ਹਨ। ਪੁਲਿਸ ਨੇ ਇਹਨਾਂ ਬਦਮਾਸ਼ਾਂ ਨੂੰ ਪਿਸਤੌਲ ਦੇਣ ਵਾਲੇ ਬੱਸੀ ਪਠਾਣਾਂ ਦੇ 2 ਹੋਰ ਵਿਅਕਤੀਆਂ ਨੂੰ ਵੀ ਮਾਮਲੇ ਚ ਨਾਮਜਦ ਕੀਤਾ ਹੈ, ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। 

 

ਖੰਨਾ ਦੇ ਐਸਐਸਪੀ ਜੇ.ਐਲਨਚੇਲੀਅਨ ਨੇ ਦੱਸਿਆ ਕਿ ਪੁਲਿਸ ਟੀਮ ਨੇ ਅਮਲੋਹ ਰੋਡ ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਦੀ ਸੂਚਨਾ ਉਪਰ ਮਨਿੰਦਰ ਸਿੰਘ ਮੰਗਾ, ਦਿਲਦੀਪ ਸਿੰਘ ਦੀਪੀ ਅਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਖੰਨਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 4 ਦੇਸੀ ਪਿਸਤੌਲ, 15 ਰੌਂਦ, 4 ਮੈਗਜੀਨ ਬਰਾਮਦ ਹੋਏ ਹਨ। 

 

ਕਥਿਤ ਦੋਸ਼ੀਆਂ ਕੋਲੋਂ ਡਸਟਰ ਤੇ ਸਵਿੱਫਟ ਕਾਰਾਂ ਵੀ ਬਰਾਮਦ ਹੋਈਆਂ ਹਨ। ਮੁੱਢਲੀ ਪੁੱਛਗਿੱਛ ਦੌਰਾਨ ਸਾਮਣੇ ਆਇਆ ਕਿ ਦਲਵੀਰ ਸਿੰਘ ਸੋਨਾ ਵਾਸੀ ਪਿੰਡ ਬੁਲ੍ਹੇਪੁਰ ਨੇ ਕਥਿਤ ਦੋਸ਼ੀਆਂ ਨੂੰ ਇਹ ਹਥਿਆਰ  ਇਕਬਾਲਪ੍ਰੀਤ ਸਿੰਘ ਵਾਸੀ ਬੱਸੀ ਪਠਾਣਾਂ ਤੋਂ ਦਵਾਏ ਸੀ। ਐਸਐਸਪੀ ਨੇ ਇਹ ਵੀ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਯੂਪੀ ਤੇ ਬਿਹਾਰ ਤੋਂ ਹਥਿਆਰ ਪੰਜਾਬ ਅੰਦਰ ਸਪਲਾਈ ਹੋ ਰਹੇ ਹਨ। ਇਸਦਾ ਪਤਾ ਲਗਾਉਣ ਲਈ ਕਥਿਤ ਦੋਸ਼ੀਆਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।