ਚੰਡੀਗੜ੍ਹ: ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਹਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੱਥੋਂ ਕਰਾਰੀ ਹਾਰ ਮਿਲਣ ਕਾਰਨ ਭਾਜਪਾ ਦੀ ਬੌਖ਼ਲਾਹਟ ਸਾਫ਼ ਦਿਖ ਰਹੀ ਹੈ।


ਭਗਵੰਤ ਮਾਨ ਨੇ ਅੱਗ ਕਿਹਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਦਿੱਲੀ ਅਰਵਿੰਦ ਜੀ ਦੇ ਘਰ ਉੱਤੇ ਹਮਲਾ ਇੱਕ ਕਾਇਰਤਾ ਵਾਲੀ ਹਰਕਤ ਹੈ। ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਭਾਜਪਾ ਨੂੰ ਸਿਰਫ਼ AAP ਤੇ ਅਰਵਿੰਦ ਕੇਜਰੀਵਾਲ ਤੋਂ ਡਰ ਲੱਗਦਾ ਹੈ।



ਦੱਸ ਦਈਏ ਕਿ ਦਿੱਲੀ ਵਿਧਾਨ ਸਭਾ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਫਿਲਮ 'ਦ ਕਸ਼ਮੀਰ ਫਾਈਲਜ਼' 'ਤੇ ਦਿੱਤੇ ਗਏ ਭਾਸ਼ਣ ਖਿਲਾਫ ਭਾਜਪਾ ਅੱਜ ਪ੍ਰਦਰਸ਼ਨ ਕਰ ਰਹੀ ਹੈ। ਇਸ ਦੌਰਾਨ ਬੀਜੇਪੀ ਵਰਕਰਾਂ ਨੇ ਕੇਜਰੀਵਾਲ ਦੇ ਘਰ ਬਾਹਰ ਕਾਫੀ ਬਵਾਲ ਕੀਤਾ ਜਿਸ ਦੀ ਆਮ ਆਦਮੀ ਪਾਰਟੀ ਨੇ ਅਲੋਚਨਾ ਕੀਤੀ ਹੈ।



ਦਿੱਲੀ ਪੁਲਿਸ ਨੇ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰਿਆ ਨੂੰ ਹਿਰਾਸਤ ਵਿੱਚ ਲਿਆ ਹੈ। ਦਿੱਲੀ ਪੁਲਿਸ ਮੁਤਾਬਕ ਭਾਜਪਾ ਯੁਵਾ ਮੋਰਚਾ ਦੇ ਕਰੀਬ 40 ਤੋਂ 50 ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜੇਕਰ ਮੁੱਖ ਮੰਤਰੀ ਨਿਵਾਸ ਵੱਲੋਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਕਾਨੂੰਨੀ ਕਾਰਵਾਈ ਕਰੇਗੀ।


ਯਾਦ ਰਹੇ ਦਿੱਲੀ 'ਚ ਭਾਜਪਾ ਨੇਤਾਵਾਂ ਦੀ ਫਿਲਮ 'ਦ ਕਸ਼ਮੀਰ ਫਾਈਲਜ਼' ਨੂੰ ਟੈਕਸ ਮੁਕਤ ਕਰਨ ਦੀ ਮੰਗ ਦੇ ਸਬੰਧ 'ਚ ਸੀਐਮ ਕੇਜਰੀਵਾਲ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਇਸ ਨੂੰ ਯੂ-ਟਿਊਬ 'ਤੇ ਪਾਓ ਤਾਂ ਜੋ ਹਰ ਕੋਈ ਇਸ ਨੂੰ ਮੁਫਤ 'ਚ ਦੇਖ ਸਕੇ। ਇਸ ਦੇ ਨਾਲ ਹੀ ਸੀਐਮ ਨੇ ਕਿਹਾ ਸੀ ਕਿ ਕਸ਼ਮੀਰੀ ਪੰਡਤਾਂ ਦੇ ਨਾਮ 'ਤੇ ਕੁਝ ਲੋਕ ਕਰੋੜਾਂ ਕਮਾ ਰਹੇ ਹਨ ਤੇ ਭਾਜਪਾ ਨੇਤਾਵਾਂ ਨੂੰ ਪੋਸਟਰ ਲਗਾਉਣ ਦਾ ਕੰਮ ਦਿੱਤਾ ਗਿਆ ਹੈ।