ਕੈਪਟਨ 'ਤੇ ਕਿਤਾਬ ਲਿਖਣ ਵਾਲਾ ਪੱਤਰਕਾਰ ਬਣਿਆ ਦਰਬਾਰੀ
ਏਬੀਪੀ ਸਾਂਝਾ | 18 Jan 2018 12:11 PM (IST)
ਯਾਦਵਿੰਦਰ ਸਿੰਘ ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸਰਕਾਰ ਅੱਜਕੱਲ੍ਹ ਸੂਚਨਾ ਕਮਿਸ਼ਨ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਨਿਯੁਕਤ ਕਰ ਰਹੀ ਹੈ। ਇਸ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਬਾਰੇ The People's Maharaja ਨਾਂ ਦੀ ਕਿਤਾਬ ਲਿਖਣ ਵਾਲੇ ਪੱਤਰਕਾਰ ਖੁਸ਼ਵੰਤ ਸਿੰਘ ਨੂੰ ਸਰਕਾਰ ਵੱਲੋਂ ਸੂਚਨਾ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਜਾ ਰਿਹਾ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਆਸਤਦਾਨਾਂ 'ਤੇ ਅਜਿਹੀਆਂ ਕਿਤਾਬਾਂ ਸਰਕਾਰੀ ਦਰਬਾਰੀ ਬਣਨ ਲਈ ਲਿਖੀਆਂ ਜਾਂਦੀਆਂ ਹਨ? ਕੀ ਲੀਡਰਾਂ ਨੂੰ ਖ਼ੁਸ ਕਰਨਾ ਲੇਖਣੀ ਜਾਂ ਪੱਤਰਕਾਰੀ ਹੈ? ਕੀ ਕੁਝ ਪੱਤਰਕਾਰ ਪੱਤਰਕਾਰੀ ਧਰਮ ਨੂੰ ਨਾ ਮੰਨ ਕੇ ਇਸੇ ਮਿਜਾਜ਼ ਵਿੱਚ ਅੱਗੇ ਵਧਦੇ ਰਹਿਣਗੇ। ਹਾਲਾਂਕਿ ਖੁਸ਼ਵੰਤ ਸਿੰਘ ਬਤੌਰ ਸੂਚਨਾ ਕਮਿਸ਼ਨ ਮੈਂਬਰ ਇਹ ਕੋਈ ਪਹਿਲੀ ਨਿਯੁਕਤੀ ਨਹੀਂ। ਅਕਾਲੀ ਵੀ ਆਪਣੇ ਚਹੇਤੇ ਪੱਤਰਕਾਰਾਂ ਨੂੰ ਸੂਚਨਾ ਕਮਿਸ਼ਨਰ ਜਾਂ ਹੋਰ ਥਾਵਾਂ 'ਤੇ ਲਾਉਂਦੇ ਰਹੇ ਹਨ। ਦਰਅਸਲ ਸਰਕਾਰ ਵੱਲੋਂ ਕੁੱਲ 6 ਨਵੇਂ PPSC ਮੈਂਬਰ ਤੇ 2 ਨਵੇਂ ਸੂਚਨਾ ਕਮਿਸ਼ਨਰ ਨਿਯੁਕਤ ਕੀਤੇ ਜਾ ਰਹੇ ਹਨ। ਇਸ ਮਾਮਲੇ 'ਤੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਹ ਨਿਯੁਕਤੀਆਂ ਨਿਯਮਾਂ ਤਹਿਤ ਨਹੀਂ ਹੋ ਰਹੀਆਂ ਤੇ ਮੈਂ ਫਾਈਲਾਂ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਜੇ ਸਰਕਾਰ ਇਨ੍ਹਾਂ ਦਾ ਪੂਰਾ ਰਿਕਾਰਡ ਦੇਵੇਗੀ ਤਾਂ ਮੈਂ ਦਸਤਖ਼ਤ ਕਰਾਂਗਾ। ਕਮਿਸ਼ਨ ਦੀਆਂ ਫਾਈਲਾਂ ਉੱਪਰ ਵਿਰੋਧੀ ਧਿਰ ਦੇ ਲੀਡਰ ਦੇ ਦਸਤਖ਼ਤ ਵੀ ਹੁੰਦੇ ਹਨ।