ਕਿੰਗਰਾ ਨਹੀਂ ਸੀ ਟਿਕਟ ਦਾ ਦਾਅਵੇਦਾਰ, ਫਿਰ ਕਿਉਂ ਦਿੱਤਾ ਅਸਤੀਫਾ ?
ਏਬੀਪੀ ਸਾਂਝਾ | 05 Aug 2016 09:08 AM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਅਸਤੀਫ਼ਾ ਦੇਣ ਵਾਲੇ ਹਰਦੀਪ ਸਿੰਘ ਕਿੰਗਰਾ ਨੇ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। 'ਏਬੀਪੀ ਸਾਂਝਾ' ਨਾਲ ਖ਼ਾਸ ਤੌਰ ਉੱਤੇ ਗੱਲਬਾਤ ਸਾਬਕਾ ਆਈ.ਐਫ.ਐਸ. ਅਧਿਕਾਰੀ ਕਿੰਗਰਾ ਨੇ ਆਖਿਆ ਹੈ ਕਿ ਦੁਰਗੇਸ਼ ਪਾਠਕ ਦੇ ਤਾਨਾਸ਼ਾਹੀ ਰਵੱਈਆ ਕਾਰਨ ਪਾਰਟੀ ਪੰਜਾਬ ਵਿੱਚੋਂ ਖ਼ਤਮ ਹੋ ਜਾਵੇਗੀ। ਉਨ੍ਹਾਂ ਦੁਰਗੇਸ਼ ਉੱਤੇ ਪੰਜਾਬੀਆਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਆਖਿਆ ਕਿ ਦਿੱਲੀ ਦੇ 'ਆਪ' ਆਗੂਆਂ ਖ਼ਿਲਾਫ਼ ਉਨ੍ਹਾਂ ਕੋਲ ਸਬੂਤ ਹਨ ਜਿਨ੍ਹਾਂ ਦਾ ਖ਼ੁਲਾਸਾ ਉਹ ਆਉਣ ਵਾਲੇ ਦਿਨਾਂ ਵਿੱਚ ਕਰਨਗੇ। ਉਨ੍ਹਾਂ ਆਖਿਆ ਕਿ ਇਨ੍ਹਾਂ ਸਬੂਤਾਂ ਨਾਲ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਆਗੂਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆਵੇਗਾ। ਕਿੰਗਰਾ ਨੇ ਆਖਿਆ ਕਿ ਦੁਰਗੇਸ਼ ਦੇ ਰਵੱਈਏ ਬਾਰੇ ਉਨ੍ਹਾਂ ਨੇ ਕਈ ਵਾਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਈ ਵਾਰ ਜਾਣੂ ਕਰਵਾਇਆ ਹੈ ਪਰ ਉਨ੍ਹਾਂ ਦੀਆਂ ਗੱਲਾਂ ਉੱਤੇ ਕਦੇ ਵੀ ਗ਼ੌਰ ਨਹੀਂ ਕੀਤਾ ਗਿਆ। ਕਿੰਗਰਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਪਾਰਟੀ ਦੀ ਟਿਕਟ ਲਈ ਕਦੇ ਵੀ ਅਪਲਾਈ ਨਹੀਂ ਕੀਤਾ ਸੀ। ਇਸ ਲਈ ਟਿਕਟ ਤੋਂ ਇਨਕਾਰ ਹੋਣ ਦਾ ਸਬੂਤ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵਿੱਚ ਦਿੱਲੀ ਦੇ ਆਗੂਆਂ ਦੀ ਚੱਲਦੀ ਹੈ। ਪੰਜਾਬ ਦੇ ਕਿਸ ਵੀ ਆਗੂ ਨੂੰ ਦਿੱਲੀ ਵਾਲੇ ਅੱਗੇ ਨਹੀਂ ਵਧਣ ਦਿੰਦੇ। ਕਿੰਗਰਾ ਨੇ ਆਖਿਆ ਕਿ ਜੇਕਰ ਕੋਈ ਆਪਣੀ ਰਾਏ ਦਿੰਦਾ ਵੀ ਹੈ ਤਾਂ ਉਸ ਉੱਤੇ ਗ਼ੌਰ ਨਹੀਂ ਕੀਤਾ ਜਾਂਦਾ। ਖ਼ਾਸ ਗੱਲ ਇਹ ਵੀ ਹੈ ਕਿ ਕਿੰਗਰਾ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ।