ਗੁਰਪ੍ਰੀਤ ਕੌਰ


ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੂੰ ਮੋਟਰਸਾਈਕਲ 'ਤੇ ਗੇੜੀ ਮਾਰਨੀ ਹਾਰਲੇ ਦੇਣ ਵਾਲੀ ਕੰਪਨੀ ਨੂੰ ਮਹਿੰਗੀ ਪੈ ਗਈ ਹੈ। ਚੰਡੀਗੜ੍ਹ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੂੰ ਆਪਣਾ ਮੋਟਰਸਾਈਕਲ ਦੇਣ ਵਾਲੀ ਕੰਪਨੀ ਇਸ ਦਾ ਖਾਮਿਆਜ਼ਾ ਭੁਗਤੇਗੀ।

ਚੰਡੀਗੜ੍ਹ ਆਵਾਜਾਈ ਪੁਲਿਸ ਨੇ ਕੰਪਨੀ ਨੂੰ ਚਲਾਣ ਜਾਰੀ ਕਰ ਦਿੱਤਾ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀ ਐਚਡੀ ਮੋਟਰ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਬਿਨਾਂ ਨੰਬਰ ਪਲੇਟ ਦਾ ਮੋਟਰਸਾਈਕਲ ਚਲਾਉਣ ਲਈ ਆਵਾਜਾਈ ਕਾਨੂੰਨ ਤੋੜਨ ਦੀ ਸਲਿੱਪ (TVIS) ਜਾਰੀ ਕਰ ਦਿੱਤੀ ਹੈ। ਪੁਲਿਸ ਨੇ ਕੰਪਨੀ ਦੇ ਮੋਟਰਸਾਈਕਲ DL 35 DF 8000 ਨੂੰ ਬਿਨਾਂ ਨੰਬਰ ਪਲੇਟ ਬਦਲੇ ਚਲਾਣ ਵੀ ਕੱਟ ਦਿੱਤਾ ਹੈ, ਜਿਸ ਦਾ ਨੰਬਰ 298562 ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕਿਰਨ ਖੇਰ ਨੇ ਚੰਡੀਗੜ੍ਹ ਦੇ ਮਸ਼ਹੂਰ ਗੇੜੀ ਰੂਟ 'ਤੇ ਸੈਕਟਰ ਸੱਤ ਵਿੱਚ ਇਹ ਮੋਟਰਸਾਈਕਲ ਗੇੜੀ ਮਾਰੀ ਸੀ। ਚੰਡੀਗੜ੍ਹ ਪੁਲਿਸ ਆਮ ਲੋਕਾਂ ਵੱਲੋਂ ਭੋਰਾ ਕੁ ਗ਼ਲਤੀ 'ਤੇ ਮਿੰਟ 'ਚ ਚਲਾਣ ਕੱਟਣ ਲਈ ਮਸ਼ਹੂਰ ਹੈ, ਪਰ ਉਸੇ ਪੁਲਿਸ ਦੇ ਐਸਕਾਰਟ ਬਾਈਕ ਵੀ ਕਿਰਨ ਖੇਰ ਨਾਲ ਚੱਲ ਰਹੇ ਸਨ। ਅਜਿਹੇ ਵਿੱਚ ਪੁਲਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਕਿਰਕਿਰੀ ਹੋ ਰਹੀ ਸੀ, ਜਿਸ 'ਤੇ ਹੁਣ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।