ਰੋਪੜ: ਕਵੀ ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ (Kumar Vishwas And Alka Lamba) ਹੁਣ ਰੋਪੜ ਪੁਲਿਸ ਕੋਲ ਨੋਟਿਸ ਦਾ ਜਵਾਬ ਦੇਣ ਲਈ 26 ਦੀ ਬਜਾਏ 27 ਅਪਰੈਲ ਨੂੰ ਆ ਸਕਦੇ ਹਨ। ਰੋਪੜ ਪੁਲਿਸ ਨੇ ਕਵੀ ਕੁਮਾਰ ਵਿਸ਼ਵਾਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਅਲਕਾ ਲਾਂਬਾ ਦਾ ਨਾਂਅ ਵੀ ਸ਼ਾਮਲ ਹੈ।


ਰੋਪੜ ਪੁਲਿਸ ਨੇ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਅਤੇ ਅਲਕਾ ਲਾਂਬਾ ਦੇ ਦਿੱਲੀ ਸਥਿਤ ਰਿਹਾਇਸ਼ 'ਤੇ ਨੋਟਿਸ ਸੌਂਪੇ ਸੀ। ਦੱਸ ਦਈਏ ਕਿ ਦੋਵਾਂ ਨੂੰ 26 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ (Punjab Police) ਦੀ ਇਸ ਕਾਰਵਾਈ 'ਤੇ ਸਿਆਸਤ ਵੀ ਗਰਮਾ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਦੋਵਾਂ ਆਗੂਆਂ ਨਾਲ ਰੋਪੜ ਥਾਣੇ ਜਾਣ ਦੀ ਗੱਲ ਵੀ ਕੀਤੀ। ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਵਿਰੋਧੀ ਧੀਰ ਨੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਸੀ। ਉਧਰ ਪੰਜਾਬ ਪੁਲਿਸ ਜਦੋਂ ਦੋਵੇਂ ਆਗੂਆਂ ਦੇ ਘਰ ਗਈ ਤਾਂ ਦੋਵਾਂ ਨੇ ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਟਵਿੱਟਰ ‘ਤੇ ਸ਼ੇਅਰ ਕੀਤੀਆਂ ਸੀ।


ਕਾਂਗਰਸ ਇਸ ਨੂੰ ਪੰਜਾਬ ਵਿੱਚ ਵੱਡਾ ਮੁੱਦਾ ਬਣਾ ਰਹੀ ਹੈ। ਇਸ ਮਾਮਲੇ ਵਿੱਚ 27 ਅਪ੍ਰੈਲ ਨੂੰ ਕਾਂਗਰਸੀ ਆਗੂ ਰੋਪੜ ਵਿੱਚ ਰੋਸ ਪ੍ਰਦਰਸ਼ਨ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਕਾਂਗਰਸ ਦੇ ਕਈ ਵੱਡੇ ਆਗੂ ਅਲਕਾ ਲਾਂਬਾ ਨਾਲ ਰੋਪੜ ਆਉਣਗੇ ਅਤੇ ਇੱਥੇ ਪ੍ਰਦਰਸ਼ਨ ਵੀ ਕਰਨਗੇ।


ਐਸਆਈਟੀ ਦੇ ਮੈਂਬਰ ਡੀਐਸਪੀ ਜਰਨੈਲ ਸਿੰਘ ਨੂੰ ਕੁਝ ਦਿੱਕਤ ਆਉਣ ਕਾਰਨ ਮਾਮਲੇ ਦੀ ਸੁਣਵਾਈ ਇੱਕ ਦਿਨ ਲਈ ਅੱਗੇ ਵਧਾ ਦਿੱਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਐਸਆਈਟੀ ਦੇ ਸੁਪਰਵਾਈਜ਼ਰ ਐਸਪੀ ਹਰਬੀਰ ਸਿੰਘ ਅਟਵਾਲ ਨੇ ਕੀਤੀ।


ਜ਼ਿਕਰਯੋਗ ਹੈ ਕਿ ਰੋਪੜ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਦੀ ਸ਼ਿਕਾਇਤ ਦੇ ਆਧਾਰ ’ਤੇ ਕਵੀ ਕੁਮਾਰ ਵਿਸ਼ਵਾਸ ਖ਼ਿਲਾਫ਼ 12 ਅਪਰੈਲ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।


ਇਹ ਵੀ ਪੜ੍ਹੋ: Punjab BJP Leader Suicide: ਪੰਜਾਬ 'ਚ ਭਾਜਪਾ ਆਗੂ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ ਇਹ ਕਾਰਨ