ਅੰਮ੍ਰਿਤਸਰ: ਗੁਰੁਗ੍ਰਾਮ ਦੇ ਰਾਇਨ ਇੰਟਰਨੈਸ਼ਲ ਸਕੂਲ ਵਿੱਚ ਇੱਕ ਬੱਚੇ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਇਲਜ਼ਾਮਾਂ ਤਹਿਤ ਬੱਸ ਕੰਡਕਟਰ ਅਸ਼ੋਕ ਉਪਰ ਪੁਲਿਸ ਵੱਲੋਂ ਜੋ ਅੱਤਿਆਚਾਰ ਕੀਤਾ ਗਿਆ, ਉਸ ਦਾ ਜਿੰਮੇਵਾਰ ਕੌਣ ਹੈ?ਇਹ ਸਵਾਲ ਭਾਜਪਾ ਦੀ ਸੀਨੀਅਰ ਲੀਡਰ ਲਕਸ਼ਮੀ ਕਾਂਤਾ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਕੀਤਾ ਹੈ।
ਚਾਵਲਾ ਨੇ ਕਿਹਾ ਕਿ ਬੱਸ ਕੰਡਕਟਰ ਤੇ ਇਸ ਤਰ੍ਹਾਂ ਅੱਤਿਆਚਾਰ ਕੀਤਾ ਜਾਣਾ ਸ਼ਰਮਨਾਕ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਇਹ ਜਾਣ ਲੈਣ ਕਿ ਦੇਸ਼ ਵਿੱਚ ਇੱਕ ਨਹੀਂ ਬਲਕਿ ਹਜ਼ਾਰਾਂ ਅਜਿਹੇ ਅਸ਼ੋਕ ਕੁਮਾਰਾਂ ਨੂੰ ਪੁਲਿਸ ਸ਼ੱਕ ਦੇ ਘੇਰੇ ਵਿੱਚ ਗ੍ਰਿਫ਼ਤਾਰ ਕਰਕੇ ਉਨ੍ਹਾਂ ਨਾਲ ਕੁੱਟਮਾਰ ਕਰਦੀ ਹੈ ਤੇ ਅਪਰਾਧ ਕਬੂਲ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਦੱਸੇ ਕਿ ਅੱਜ ਤੱਕ ਪੂਰੇ ਦੇਸ਼ ਵਿੱਚ ਅਜਿਹੇ ਕਿੰਨੇ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੌਰਾਨ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਉਨ੍ਹਾਂ ਅੰਮ੍ਰਿਤਸਰ ਦੇ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਜਦੋਂ ਇੱਕ ਬੱਚੇ ਨੂੰ ਅਗਵਾ ਕੀਤਾ ਗਿਆ ਤਾਂ 3 ਬੱਸ ਕਰਮਚਾਰੀਆਂ ਨੂੰ 36 ਘੰਟੇ ਤੱਕ ਪੁਲਿਸ ਵੱਲੋਂ ਟਾਰਚਰ ਕੀਤਾ ਗਿਆ। ਉਲਟਾ ਤੱਕ ਲਟਕਾਇਆ ਗਿਆ ਪਰ ਜਦੋਂ ਬੱਚਾ ਮਿਲ ਗਿਆ ਤਾਂ ਉਨ੍ਹਾਂ ਨੂੰ ਚੁਪਚਾਪ ਛੱਡ ਦਿੱਤਾ ਗਿਆ। ਪੁਲਿਸ ਵੱਲੋਂ ਅੱਜ ਤੱਕ ਇਹ ਸਾਫ ਨਹੀਂ ਕੀਤਾ ਗਿਆ ਕਿ ਕੌਣ ਲੈ ਕੇ ਗਿਆ ਸੀ ਤੇ ਕਿੱਥੋਂ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਬਾਰੇ ਕਈ ਵਾਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਿਖ ਚੁੱਕੇ ਹਨ ਪਰ ਲੱਗਦਾ ਇਹ ਹੈ ਕਿ ਭਾਰਤ ਦਾ ਗ੍ਰਹਿ ਵਿਭਾਗ ਵੀ ਪੁਲਿਸ ਅੱਗੇ ਬੇਵੱਸ ਹੈ।