ਹਰਿਮੰਦਰ ਸਾਹਿਬ ਬਣਿਆ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲਾ ਸਥਾਨ, ਲੰਦਨ ਦੀ ਸੰਸਥਾ ਵੱਲੋਂ ਐਵਾਰਡ
ਏਬੀਪੀ ਸਾਂਝਾ | 24 Nov 2017 02:37 PM (IST)

ਅੰਮ੍ਰਿਤਸਰ: ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼੍ਰੋਮਣੀ ਕਮੇਟੀ ਨੂੰ ‘ਵਰਲਡ ਬੁੱਕ ਆਫ ਰਿਕਾਰਡਜ਼’, ਲੰਡਨ (ਯੂ.ਕੇ.) ਵੱਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਭੇਟ ਕੀਤਾ ਗਿਆ। ਇਹ ਐਵਾਰਡ ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਜਾਤਾਂ ਦੇ ਸ਼ਰਧਾਲੂਆਂ ਦੀ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ। ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵਰਲਡ ਬੁੱਕ ਆਫ ਰੀਕਾਰਡਜ਼ ਲੰਡਨ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਇਕੱਲਾ ਅਜਿਹਾ ਧਾਰਮਿਕ ਅਸਥਾਨ ਹੈ ਜਿੱਥੇ ਮਾਨਵਤਾ ਦੀ ਸੇਵਾ, ਹਰ ਵੇਲੇ ਹੁੰਦੀ ਸਰਬੱਤ ਦੇ ਭਲੇ ਦੀ ਅਰਦਾਸ, ਗੁਰਬਾਣੀ ਦਾ ਅਮੋਲਕ ਉਪਦੇਸ਼, ਸੰਗਤਾਂ ਲਈ ਕੀਤੇ ਜਾਂਦੇ ਵੱਡੇ ਪ੍ਰਬੰਧ, ਸਾਫ-ਸਫਾਈ, ਮਨੁੱਖੀ ਬਰਾਬਰਤਾ ਅਤੇ ਹਰ ਧਰਮ, ਜਾਤ-ਪਾਤ, ਨਸਲ, ਰੰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਛਕਾਇਆ ਜਾਂਦਾ ਅਤੁੱਟ ਲੰਗਰ ਆਪਣੇ ਆਪ ਵਿੱਚ ਸਦੀਆਂ ਤੋਂ ਵਿਸ਼ਵ ਰਿਕਾਰਡ ਬਣਾ ਰਿਹਾ ਹੈ। ਇਸ ਦੀ ਵਿਲੱਖਣਤਾ ਹੀ ਦੁਨੀਆਂ ਭਰ ਦੇ ਲੋਕਾਂ ਅੰਦਰ ਇਥੇ ਆਉਣ ਲਈ ਖਿੱਚ ਪੈਦਾ ਕਰਦੀ ਹੈ। ਸੋ ਇਸ ਪਾਵਨ ਅਸਥਾਨ ਨੂੰ ਐਵਾਰਡ ਭੇਟ ਕਰਨ ਵਾਲੀ ਸੰਸਥਾ ਦੀ ਆਪਣੀ ਸੋਭਾ ਵੀ ਵਧਦੀ ਹੈ। ਇਹ ਐਵਾਰਡ ਮਿਲਣਾ ਵੀ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਸਿੱਖਾਂ ਨੇ ਘੱਟ-ਗਿਣਤੀ ਹੁੰਦਿਆਂ ਵੀ ਵਿਸ਼ਵ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੰਸਥਾ ਦੀ ਜਨਰਲ ਸਕੱਤਰ ਸੁਰਭੀ ਕੌਲ ਤੇ ਰਨਦੀਪ ਸਿੰਘ ਕੋਹਲੀ ਨੇ ਸਾਂਝੇ ਰੂਪ ਵਿਚ ਐਵਾਰਡ ਦੇਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਡਾ ਮਕਸਦ ਪ੍ਰਮੁੱਖ ਅਸਥਾਨਾਂ ਦੀ ਮਹਾਨਤਾ ਦਾ ਪ੍ਰਚਾਰ ਦੁਨੀਆਂ ਦੇ ਹਰੇਕ ਕੋਨੇ ਵਿਚ ਪਹੁੰਚਾਉਣਾ ਹੈ ਤਾਂ ਜੋ ਵਿਸ਼ਵ ਭਰ ਦੇ ਲੋਕਾਂ ਨੂੰ ਵੀ ਅਜਿਹੇ ਮਾਨਵ ਭਲਾਈ ਅਸਥਾਨਾਂ ਤੋਂ ਪ੍ਰੇਰਨਾ ਮਿਲ ਸਕੇ। ਜਨਰਲ ਸੈਕਟਰੀ ਬੀਬੀ ਸੁਰਭੀ ਕੌਲ ਨੇ ਕਿਹਾ ਕਿ ਲੋਕਾਂ ਦੀ ਆਮਦ, ਸ਼ਰਧਾ-ਸਤਿਕਾਰ, ਇਸ ਅਸਥਾਨ ਦੇ ਸਮਾਨਤਾ ਵਾਲੇ ਵਾਤਾਵਰਣ ਦੇ ਆਧਾਰ ’ਤੇ ਇਸ ਪਾਵਨ ਅਸਥਾਨ ਨੂੰ ਇਹ ਐਵਾਰਡ ਭੇਟ ਕੀਤਾ ਗਿਆ ਹੈ।