ਸਮਰਪਣ ਕਰਨ ਆਇਆ ਲੰਗਾਹ ਚੋਣ ਪ੍ਰਚਾਰ ਹੀ ਕਰ ਗਿਆ
ਏਬੀਪੀ ਸਾਂਝਾ | 02 Oct 2017 05:49 PM (IST)
ਚੰਡੀਗੜ੍ਹ (ਰਵੀ ਇੰਦਰ ਸਿੰਘ): ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦੇ ਸੁੱਚਾ ਸਿੰਘ ਲੰਗਾਹ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਇਆ। ਜਦ ਪੱਤਰਕਾਰਾਂ ਨੇ ਉਸ ਦਾ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਇਹੋ ਕਿਹਾ ਕਿ ਉਸ ਦਾ ਪਾਰਟੀ ਵਰਕਰਾਂ ਨੂੰ ਸੰਦੇਸ਼ ਹੈ ਕਿ ਇੱਕ-ਇੱਕ ਵੋਟ ਭਾਜਪਾ ਨੂੰ ਪਾਇਓ। ਲੰਗਾਹ ਦੇ ਟਿਕਾਣਿਆਂ 'ਤੇ ਪਿਛਲੇ 3 ਦਿਨਾਂ ਤੋਂ ਛਾਪਿਆਂ ਦਾ ਦਾਅਵਾ ਕਰਨ ਵਾਲੀ ਗੁਰਦਾਸਪੁਰ ਪੁਲਿਸ ਦੇ ਦਾਅਵਿਆਂ ਦੀ ਵੀ ਉਦੋਂ ਪੋਲ ਖੁੱਲ੍ਹ ਗਈ ਜਦ ਲੰਗਾਹ ਖ਼ੁਦ ਚੰਡੀਗੜ੍ਹ ਸਮਰਪਣ ਕਰਨ ਆ ਪੁੱਜਾ। ਆਤਮ-ਸਮਰਪਣ ਕਰਨ ਬਹਾਨੇ ਚੋਣ ਪ੍ਰਚਾਰ ਕਰਨ ਵਿੱਚ ਸਫਲ ਰਹੇ ਲੰਗਾਹ ਨੂੰ ਪੰਜਾਬ ਪੁਲਿਸ ਹੱਥ ਨਹੀਂ ਪਾ ਸਕੀ ਤੇ ਉਹ ਆਰਾਮ ਨਾਲ ਅਦਾਲਤ ਵਿੱਚੋਂ ਚਲਾ ਗਿਆ। ਭਾਵੇਂ ਅਕਾਲੀ ਦਲ ਨੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪਣੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਪਰ ਲੰਗਾਹ ਦੀ ਪਾਰਟੀ ਪ੍ਰਤੀ ਵਫਾਦਾਰੀ ਹਾਲੇ ਵੀ ਬਰਕਰਾਰ ਹੈ। ਇਸ ਗੱਲ ਦਾ ਅੰਦਾਜ਼ਾ ਲੰਗਾਹ ਦੇ ਪੱਤਰਕਾਰਾਂ ਨੂੰ ਉਸ ਦੇ ਦਿੱਤੇ ਬਿਆਨ ਤੋਂ ਲਾਇਆ ਜਾ ਸਕਦਾ ਹੈ। ਆਤਮ ਸਮਰਪਣ ਕਰਨ ਦੇ ਬਹਾਨੇ ਲੰਗਾਹ ਆਪਣੀ ਪੁਰਾਣੀ ਪਾਰਟੀ ਦੀ ਭਾਈਵਾਲ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਲਈ ਚੋਣ ਪ੍ਰਚਾਰ ਵੀ ਕਰ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੰਗਾਹ ਨੇ ਸ਼ੂਗਰ ਦੇ ਮਰੀਜ਼ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ਜ਼ਿਮਨੀ ਚੋਣ ਕਾਰਨ ਫਸਾਇਆ ਗਿਆ ਹੈ। ਦੱਸ ਦੇਈਏ ਕਿ ਲੰਗਾਹ ਗੁਰਦਾਸਪੁਰ ਵਿੱਚ ਉਸ ਵਿਰੁੱਧ ਦਰਜ ਹੋਏ ਬਲਾਤਕਾਰ ਦੇ ਕੇਸ ਵਿੱਚ ਆਪਣੇ ਆਪ ਨੂੰ ਕਾਨੂੰਨ ਦੇ ਸੁਪਰਦ ਕਰਨ ਲਈ ਚੰਡੀਗੜ੍ਹ ਅਦਾਲਤ ਪਹੁੰਚ ਗਿਆ। ਪਰ ਅਦਾਲਤ ਨੇ ਉਸ ਦੀ ਅਰਜ਼ੀ ਰੱਦ ਕਰਦਿਆਂ ਸਮਰਪਣ ਸਵੀਕਾਰ ਨਾ ਕੀਤਾ ਅਤੇ ਉਸ ਨੂੰ ਗੁਰਦਾਸਪੁਰ ਜਾ ਕੇ ਹੀ ਸਮਰਪਣ ਕਰਨ ਦੀ ਹਦਾਇਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਕਿ ਗੁਰਦਾਸਪੁਰ ਦੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਐਸ.ਪੀ. ਕੇ.ਡੀ. ਸਿੰਘ ਨੇ ਗੁਰਦਾਸਪੁਰ ਜ਼ਿਮਨੀ ਚੋਣ ਕਾਰਨ ਉਸ ਵਿਰੁੱਧ ਝੂਠਾ ਕੇਸ ਬਣਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਗੁਰਦਾਸਪੁਰ ਪੁਲਿਸ ਨੂੰ ਲੋੜੀਂਦਾ ਸੁੱਚਾ ਸਿੰਘ ਲੰਗਾਹ ਤਕਰੀਬਨ ਡੇਢ ਘੰਟਾ ਚੰਡੀਗੜ੍ਹ ਅਦਾਲਤ 'ਚ ਹਾਜ਼ਰ ਰਿਹਾ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਲੋੜੀਂਦੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਗੁਰਦਾਸਪੁਰ ਪੁਲਿਸ ਨੇ ਆਪਣੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਲੰਗਾਹ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਪਰ ਹਰ ਵਾਰ ਖਾਲੀ ਹੱਥ ਪਰਤ ਆਈ। ਇੱਧਰ ਲੋੜੀਂਦਾ ਮੁਲਜ਼ਮ ਸੂਬੇ ਦੀ ਰਾਜਧਾਨੀ ਵਿੱਚ ਜਾ ਕੇ ਆਤਮ ਸਮਰਪਣ ਲਈ ਅਦਾਲਤ ਵਿੱਚ ਪੇਸ਼ ਹੋ ਜਾਂਦਾ ਹੈ। ਇਹ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਧਾਰਾ 376 ਇੱਕ ਗ਼ੈਰ ਜ਼ਮਾਨਤਯੋਗ ਧਾਰਾ ਹੈ ਅਤੇ ਇਸ ਲਈ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ, ਜੋ ਕਿ ਪੰਜਾਬ ਪੁਲਿਸ ਨੇ ਨਹੀਂ ਕੀਤਾ। ਦੱਸ ਦੇਈਏ ਕਿ ਲੰਗਾਹ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੀ 10 ਨੰਬਰ ਕੋਰਟ ਵਿੱਚ ਸਮਰਪਣ ਕਰਨ ਲਈ ਆਇਆ ਸੀ। ਸਾਬਕਾ ਮੰਤਰੀ ਦੇ ਵਕੀਲ ਨੇ ਇੱਥੇ ਅਦਾਲਤ ਨੂੰ ਬੇਨਤੀ ਕੀਤੀ ਸੀ ਉਹ ਲੰਗਾਹ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦੇਵੇ, ਪਰ ਅਦਾਲਤ ਨੇ ਉਸ ਨੂੰ ਗੁਰਦਾਸਪੁਰ ਵਿੱਚ ਹੀ ਆਤਮ ਸਮਰਪਣ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੀ ਇੱਕ ਔਰਤ ਵੱਲੋਂ 8 ਸਾਲ ਤੋਂ ਬਲਾਤਕਾਰ ਕਰਦੇ ਆ ਰਹਿਣ ਦਾ ਇਲਜ਼ਾਮ ਲਾ ਕੇ ਮਾਮਲਾ ਦਰਜ ਕਰਵਾਇਆ ਸੀ। ਪੀੜਤ ਔਰਤ ਨੇ ਪੁਲਿਸ ਨੂੰ ਸਬੂਤ ਵਜੋਂ ਇੱਕ ਵੀਡੀਓ ਵੀ ਦਿੱਤੀ ਸੀ। ਉਹੀ ਵੀਡੀਓ ਹੋਣ ਦਾ ਦਾਅਵਾ ਕਰ ਕੇ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ। ਪੀੜਤਾ ਮੁਤਾਬਕ ਨੌਕਰੀ ਦੀ ਜ਼ਰੂਰਤ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਸ਼ਿਕਾਇਤ ਵਿੱਚ ਸੁੱਚਾ ਸਿੰਘ ਲੰਗਾਹ ‘ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਸਨ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਵੀ ਲਾਏ ਸਨ।