ਹੁਸ਼ਿਆਪੁਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਰਵਿੰਦਰ ਕੁਮਾਰ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੱਝ ਸਵੇਰੇ ਪਿੰਡ ਸਰਿਆਣਾ ਦੇ 24 ਸਾਲਾ ਨੌਜਵਾਨ ਅਰਵਿੰਦਰ ਕੁਮਾਰ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ। ਇੱਥੇ ਪੁਲਿਸ ਤੇ ਪ੍ਰਸ਼ਾਸਨ ਨਾਲ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਲੋਕਾਂ ਨੇ ਪਾਕਿਸਤਾਨ ਮੁਰਦਾਬਾਦ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਕਾਬਲੇਗੌਰ ਹੈ ਕਿ ਮੁਕੇਰੀਆਂ ਦੇ ਪਿੰਡ ਸਰਿਆਣਾ ਦੇ ਅਰਵਿੰਦਰ ਨੇ ਐਤਵਾਰ ਨੂੰ ਸ਼ੋਪੀਆਂ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਬੀਤੀ ਦੇਰ ਰਾਤ ਸ਼ਹੀਦ ਅਰਵਿੰਦਰ ਦੀ ਮ੍ਰਿਤਕ ਦੇਹ ਪਠਾਨਕੋਟ ਆਰਮੀ ਕੈਂਪ ਦੇ ਮਿਲਟਰੀ ਹਸਪਤਾਲ ਲਿਆਂਦੀ ਗਈ। ਉਸ ਨੂੰ ਅੱਜ ਸਵੇਰੇ ਪੂਰੇ ਸਰਕਾਰੀ ਸਨਮਾਨਾਂ ਨਾਲ ਮੁਕੇਰੀਆ ਦੇ ਰਸਤੇ ਉਨ੍ਹਾਂ ਦੇ ਜੱਦੀ ਪਿੰਡ ਸਰਿਆਣਾ ਵਿੱਚ ਲਿਆਂਦਾ ਗਿਆ। ਇੱਥੇ ਹਜ਼ਾਰਾਂ ਨਮ ਅੱਖਾਂ ਨੇ ਸ਼ਹੀਦ ਅਰਵਿੰਦਰ ਨੂੰ ਯਾਦ ਕੀਤਾ। ਇਸ ਮੌਕੇ ਜਿਵੇਂ ਹੀ ਅਰਵਿੰਦਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪੁੱਜੀ, ਉਸ ਦੀ ਝਲਕ ਪਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਅਰਵਿੰਦਰ ਨੂੰ ਸੈਨਾ 'ਚ ਭਰਤੀ ਹੋਇਆਂ ਅਜੇ ਛੇ ਸਾਲ ਹੀ ਹੋਏ ਸਨ। ਬੀਤੇ ਦਿਨ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਉਹ ਸ਼ਹੀਦੀ ਪਾ ਗਏ।15 ਦਿਨ ਪਹਿਲਾਂ ਹੀ ਉਹ ਛੁੱਟੀ ਕੱਟ ਕੇ ਡਿਊਟੀ ਵਾਪਸ ਗਏ ਸੀ। ਇਸ ਵਾਰ ਉਨ੍ਹਾਂ ਘਰ ਆਉਣ 'ਤੇ ਪਰਿਵਾਰ ਵਾਲਿਆਂ ਵਿਆਹ ਲਈ ਕੁੜੀ ਵੇਖਣੀ ਸ਼ੁਰੂ ਕੀਤੀ ਸੀ। ਅਗਲੀ ਛੁੱਟੀ 'ਤੇ ਉਨ੍ਹਾਂ ਦਾ ਵਿਆਹ ਕੀਤਾ ਜਾਣਾ ਸੀ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ।
ਅਰਵਿੰਦਰ ਘਰ ਵਿੱਚ ਤਿੰਨ ਭੈਣਾਂ ਤੋਂ ਬਾਅਦ ਚੌਥੇ ਨੰਬਰ 'ਤੇ ਸੀ ਜਦੋਂਕਿ ਇੱਕ ਛੋਟਾ ਭਰਾ ਵੀ ਫੌਜ ਵਿੱਚ ਹੀ ਹੈ। ਦੋਵੇਂ ਭਰਾ ਛੇ ਸਾਲ ਪਹਿਲਾਂ ਇਕੱਠੇ ਸੈਨਾ 'ਚ ਭਰਤੀ ਹੋਏ ਸੀ। ਇਸ ਮੌਕੇ ਸਰਕਾਰ ਵੱਲੋਂ ਅਰਵਿੰਦਰ ਦੇ ਪਰਿਵਾਰ ਨੂੰ ਸ਼ਹੀਦ ਫੰਡ 'ਚੋਂ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਆਪਣੇ ਭਰਾ ਦੀ ਸ਼ਹਾਦਤ 'ਤੇ ਅਰਵਿੰਦਰ ਦੇ ਛੋਟੇ ਭਰਾ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸਮੇਂ ਦੀ ਸਰਕਾਰ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ 'ਤੇ ਸਿਆਸਤ ਕੀਤੀ ਹੈ, ਜਿਸ ਦਾ ਖ਼ਾਮਿਆਜ਼ਾ ਜਵਾਨ ਆਪਣੀ ਜਾਨ ਦੇ ਕੇ ਭਰਦੇ ਹਨ। ਉਨ੍ਹਾਂ ਨੇ ਮੌਤ ਦਾ ਬਦਲਾ ਮੌਤ ਨੂੰ ਹੀ ਸ਼ਹੀਦ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਦੱਸਿਆ।