ਅੰਮ੍ਰਿਤਸਰ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲੱਗਿਆ ਹੈ। ਕਾਨੂੰਨੀ ਨੋਟਿਸ ਭਜਦਿਆਂ ਉਨ੍ਹਾਂ ਨੂੰ 15 ਦਿਨਾਂ ਵਿੱਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਸਮਾਂ ਦਿੱਤਾ ਹੈ। ਇਹ ਨੋਟਿਸ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਖਿਆਲਾ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਰਾਹੀਂ ਭੇਜਿਆ ਹੈ।


ਸਰਚਾਂਦ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨੋਟਿਸ ਸਿੱਖ ਪ੍ਰਚਾਰਕ ਸਮੇਤ ਉਸ ਦੇ ਟੀਵੀ ਚੈਨਲ ਤੇ ਇੱਕ ਹੋਰ ਟੀਵੀ ਚੈਨਲ ਨੂੰ ਭੇਜਿਆ ਗਿਆ ਹੈ। ਜੇ ਉਹ 15 ਦਿਨਾਂ ਵਿਚ ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗਦੇ ਤਾਂ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸਿੱਖ ਪ੍ਰਚਾਰਕ ਨੇ ਇਨ੍ਹਾਂ ਚੈਨਲਾਂ ਰਾਹੀਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਪ੍ਰਣਾਲੀ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਹੈ।

ਕਾਬਲੇਗੌਰ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਖ਼ਿਲਾਫ਼ ਦੇਸ਼ ਵਿਦੇਸ਼ ਦੇ ਸਿੱਖ ਪ੍ਰਚਾਰਕਾਂ ਵੱਲੋਂ ਸ੍ਰੀ ਅਕਾਲ ਤਖ਼ਤ ’ਤੇ ਪਹਿਲਾਂ ਹੀ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਮਾਮਲੇ ਦੇ ਹੱਲ ਲਈ ਅਕਾਲ ਤਖ਼ਤ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ, ਜਿਸ ਨੇ ਪਹਿਲੀ ਮੀਟਿੰਗ ਵਿਚ ਮਾਮਲਾ ਵਿਚਾਰਨ ਮਗਰੋਂ ਸਿੱਖ ਪ੍ਰਚਾਰਕ ਨਾਲ ਮੁਲਾਕਾਤ ਲਈ 22 ਦਸੰਬਰ ਦਾ ਸਮਾਂ ਤੈਅ ਕੀਤਾ ਹੈ। ਇਸ ਸਬੰਧੀ ਸਿੱਖ ਪ੍ਰਚਾਰਕ ਨੂੰ 22 ਦਸੰਬਰ ਨੂੰ ਪਟਿਆਲਾ ਸਥਿਤ ਗੁਰਦੁਆਰਾ ਦੂਖ ਨਿਵਾਰਨ ਵਿਖੇ ਪੰਜ ਮੈਂਬਰੀ ਕਮੇਟੀ ਨਾਲ ਮੁਲਾਕਾਤ ਲਈ ਪੱਤਰ ਵੀ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਖ ਪ੍ਰਚਾਰਕ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ।