ਚੰਡੀਗੜ੍ਹ: ਇਸ ਵਾਰ ਪੰਜਾਬ ਵਿੱਚ ਵੀ ਠੰਢ ਨੇ ਰਿਕਾਰਡ ਤੋੜ ਦਿੱਤੇ ਹਨ। ਸ਼ਨੀਵਾਰ ਨੂੰ ਬਠਿੰਡਾ ਦਾ ਤਾਪਮਾਨ ਬਠਿੰਡਾ 5.6 ਡਿਗਰੀ ਸੈਲਸੀਅਸ ਤੱਕ ਹੇਠਾਂ ਪਹੁੰਚ ਗਿਆ। ਇਸ ਵਾਰ ਪੰਜਾਬ ਦੇ ਕਈ ਸ਼ਹਿਰ ਸ਼ਿਮਲਾ ਨਾਲੋਂ ਵੀ ਠੰਢੇ ਹਨ। ਮੋਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ ਪੈਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਂਦੇ ਦਿਨਾਂ ’ਚ ਠੰਢ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ।


ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਪੈ ਰਹੀ ਹੱਡ ਚੀਰਵੀਂ ਠੰਢ ਦਰਮਿਆਨ ਬਠਿੰਡਾ ਸਭ ਤੋਂ ਠੰਢਾ ਇਲਾਕਾ ਦਰਜ ਕੀਤਾ ਗਿਆ। ਇੱਥੇ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਰਿਹਾ। ਇਸ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ’ਚ 6.6, ਲੁਧਿਆਣਾ ’ਚ 7, ਪਟਿਆਲਾ ’ਚ 8.6, ਗੁਰਦਾਸਪੁਰ ’ਚ 6.1, ਹਲਵਾਰਾ ’ਚ 8.1, ਪਠਾਨਕੋਟ ’ਚ 9.8 ਤੇ ਆਦਮਪੁਰ ’ਚ 8.2 ਡਿਗਰੀ ਤਾਪਮਾਨ ਰਿਹਾ।

ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ’ਚ ਤਾਪਮਾਨ 8.3, ਹਿਸਾਰ ’ਚ 8, ਕਰਨਾਲ ’ਚ 9.6, ਨਾਰਨੌਲ ’ਚ 7.8, ਰੋਹਤਕ ’ਚ 9.2 ਤੇ ਸਿਰਸਾ ’ਚ 6.9 ਡਿਗਰੀ ਰਿਹਾ। ਚੰਡੀਗੜ੍ਹ ’ਚ ਤਾਪਮਾਨ 8.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਪਾਰਾ ਸਿਫਰ ਤੋਂ 9.6 ਡਿਗਰੀ ਹੇਠਾਂ ਚਲਾ ਗਿਆ। ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ ਤਾਪਮਾਨ ਮਨਫੀ 3, ਸ੍ਰੀਨਗਰ ਸ਼ਹਿਰ ’ਚ ਮਨਫੀ 0.4 ਤਾਪਮਾਨ ਦਰਜ ਕੀਤਾ ਗਿਆ। ਲੱਦਾਖ ਤੇ ਦਰਾਸ ’ਚ ਤਾਪਮਾਨ ਬੀਤੀ ਰਾਤ ਤੋਂ ਮਨਫੀ ਚੱਲ ਰਿਹਾ ਹੈ।