ਚੰਡੀਗੜ੍ਹ: ਬੀਤੀ 19 ਅਕਤੂਬਰ ਨੂੰ ਸੈਂਕੜੇ ਲੋਕਾਂ ਨੂੰ ਆਪਣੀ ਡੀਐਮਯੂ ਰੇਲ ਗੱਡੀ ਹੇਠ ਦਰੜਨ ਵਾਲੇ ਡਰਾਈਵਰ ਦਾ ਝੂਠ ਫੜਨ ਵਾਲਾ ਟੈਸਟ ਕਰਵਾਇਆ ਜਾ ਸਕਦਾ ਹੈ। ਰੇਲਵੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਹਾਦਸੇ ਤੋਂ ਬਾਅਦ ਡਰਾਈਵਰ ਦਾ ਬਿਆਨ ਸ਼ੱਕੀ ਜਾਪਦਾ ਹੈ। ਇਸ ਲਈ ਮਾਮਲੇ ਦੀ ਤਹਿ ਤਕ ਜਾਣ ਲਈ ਲਾਈ ਡਿਟੈਕਟਰ ਟੈਸਟ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਵਿਚਾਰ ਕੀਤੀ ਜਾਵੇਗੀ।

ਰੇਲਵੇ ਅਧਿਕਾਰੀ ਦਾ ਮੰਨਣਾ ਹੈ ਕਿ ਡਰਾਈਵਰ ਨੇ ਲੋਕਾਂ ਵੱਲੋਂ ਵੱਟੇ ਮਾਰਨ ਦਾ ਬਿਆਨ ਦਿੱਤਾ ਗਿਆ ਸੀ, ਜਿਸ ਵਿੱਚੋਂ ਸ਼ੱਕ ਦੀ ਗੁੰਜਾਇਸ਼ ਜਾਪਦੀ ਹੈ। ਜ਼ਿਕਰਯੋਗ ਹੈ ਕਿ ਰੇਲਵੇ ਪੁਲਿਸ ਇਸ ਦਰਦਨਾਕ ਹਾਦਸੇ ਦੀ ਜਾਂਚ ਕਰ ਰਹੀ ਹੈ ਤੇ ਤਿੰਨ ਮਹੀਨਿਆਂ ਵਿੱਚ ਰਿਪੋਰਟ ਦੇਵੇਗੀ।

ਉੱਧਰ, ਫੋਰੈਂਸਿਕ ਸਾਇੰਸ ਲੈਬੋਰੇਟਰੀ ਚੰਡੀਗੜ੍ਹ ਨੇ ਵੀ ਰੇਲਵੇ ਪੁਲਿਸ ਰਾਹੀਂ ਰੇਲ ਵਿਭਾਗ ਨੂੰ ਪੱਤਰ ਭੇਜਿਆ ਹੈ, ਜਿਸ ਨਾਲ ਰੇਲਵੇ ਦੀਆਂ ਵੀ ਕਈ ਖਾਮੀਆਂ ਜ਼ਾਹਿਰ ਹੋਣ ਦੀ ਉਮੀਦ ਹੈ। ਲੈਬ ਦੇ ਡਿਪਟੀ ਡਾਇਰੈਕਟਰ ਡਾ. ਦੀਪਕ ਮਿੱਢਾ ਵੱਲੋਂ ਲਿਖੇ ਪੱਤਰ 22 ਨੁਕਤਿਆਂ ’ਤੇ ਜਵਾਬ ਮੰਗਿਆ ਗਿਆ ਹੈ। ਫੋਰੈਂਸਿਕ ਮਾਹਰਾਂ ਨੇ ਗਵਾਹਾਂ ਦੇ ਬਿਆਨ, ਪੁਲਿਸ ਕਾਰਵਾਈ ਦੀਆਂ ਰਿਪੋਰਟਾਂ ਤੇ ਘਟਨਾ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਮੰਗੀਆਂ ਹਨ।

ਇੰਨਾ ਹੀ ਨਹੀਂ ਮਾਹਰਾਂ ਨੇ ਰੇਲਵੇ ਵਿਭਾਗ ਨੂੰ ਇਸ ਹਾਦਸੇ ਵਾਲੀ ਟਰੇਨ ਨਾਲ ਰਲਦੀ-ਮਿਲਦੀ ਗੱਡੀ ਨੂੰ ਅਜ਼ਮਾਇਸ਼ ਤੇ ਜਾਂਚ ਲਈ ਤਿਆਰ ਰੱਖਣ ਲਈ ਵੀ ਕਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫੋਰੈਂਸਿਕ ਮਾਹਿਰਾਂ ਵੱਲੋਂ ਉਕਤ ਤੱਥਾਂ ਨੂੰ ਆਧਾਰ ਬਣਾ ਕੇ ਹੀ ਹਾਦਸੇ ਦੀ ਜਾਂਚ ਨੇਪਰੇ ਚਾੜ੍ਹੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ 19 ਅਕਤੂਬਰ ਨੂੰ ਰੇਲਵੇ ਟਰੈਕ 'ਤੇ ਖੜ੍ਹ ਕੇ ਦੁਸਹਿਰਾ ਦੇਖਣ ਵਾਲੇ 59 ਲੋਕਾਂ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵਿਰੋਧੀ ਲਗਾਤਾਰ ਸਿੱਧੂ ਜੋੜੇ 'ਤੇ ਨਿਸ਼ਾਨੇ ਲਾ ਰਹੇ ਸਨ ਅਤੇ ਸਿੱਧੂ ਉਨ੍ਹਾਂ ਦਾ ਜਵਾਬ ਦੇਣ ਦੇ ਨਾਲ ਨਾਲ ਰੇਲਵੇ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਸਨ।