ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ। ਅਗਲੇ ਦਿਨਾਂ ਵਿੱਚ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਜਾਏਗੀ। ਇਸ ਬਾਰੇ ਵਿਆਪਕ ਰਣਨੀਤੀ ਬਣਾਈ ਜਾ ਰਹੀ ਹੈ। ਦਰਅਸਲ ਕੇਂਦਰ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਪਹਿਲਾਂ ਹੀ ਸਹਿਮਤੀ ਦੇ ਦਿੱਤੀ ਸੀ। ਇਸ ਮਗਰੋਂ ਕੈਪਟਨ ਸਰਕਾਰ ਹਾਲੇ ਇਸ ਬਾਰੇ ਕੋਈ ਢੁਕਵਾਂ ਫੈਸਲਾ ਨਹੀਂ ਕਰ ਪਾਈ ਸੀ।

ਸੂਤਰਾਂ ਮੁਤਾਬਕ ਹੁਣ ਪੰਜਾਬ ਸਰਕਾਰ ਨੇ ਇਸ ਦਾ ਹੱਲ ਲੱਭ ਲਿਆ ਹੈ। ਕੁਝ ਹੀ ਸਮੇਂ 'ਚ ਸੂਬੇ ਵਿੱਚ ਸ਼ਰਾਬ ਦੀ ਵਿਕਰੀ ਸ਼ੁਰੂ ਹੋਣ ਵਾਲੀ ਹੈ। ਚੰਡੀਗੜ੍ਹ ਵਿੱਚ ਵੀ ਸੋਮਵਾਰ ਤੋਂ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੇ ਠੇਕੇ ਖੋਲ੍ਹਣ ਦਾ ਫੈਸਲਾ ਕਰ ਲਿਆ ਹੈ। ਸਰਕਾਰ ਇਸ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਹੀ ਖੁੱਲ੍ਹ ਦੇਣਾ ਚਾਹੁੰਦੀ ਹੈ। ਇਸ ਲਈ ਅਧਿਕਾਰੀ ਰਣਨੀਤੀ ਉਲੀਕ ਰਹੇ ਹਨ।

ਦਰਅਸਲ, ਹਰ ਸਾਲ ਨਵੀਂ ਆਬਕਾਰੀ ਨੀਤੀ ਤਿਆਰ ਹੁੰਦੀ ਹੈ, ਜਿਸ ਮੁਤਾਬਕ ਸੂਬੇ ਵਿੱਚ ਠੇਕਿਆਂ ਦੀ ਅਲਾਟਮੈਂਟ ਹੁੰਦੀ ਹੈ ਪਰ ਇਸ ਵਾਰ ਨੀਤੀ ਦੇ ਐਲਾਨ ਤੋਂ ਪਹਿਲਾਂ ਹੀ ਪੂਰੇ ਦੇਸ਼ ਵਿੱਚ ਤਾਲਾਬੰਦੀ ਹੋ ਗਈ ਤੇ ਸਭ ਕੁਝ ਵਿਚਾਲੇ ਹੀ ਅਟਕ ਗਿਆ। ਹੁਣ ਆਬਕਾਰੀ ਤੇ ਕਰ ਵਿਭਾਗ ਨੇ ਠੇਕੇਦਾਰਾਂ ਨਾਲ ਗੱਲਬਾਤ ਕਰ ਲਈ ਹੈ ਤੇ ਪਿਛਲੇ ਸਾਲ ਦੀ ਨੀਤੀ ਵਿੱਚ ਹੀ ਵਾਧਾ ਦੇਣ ਦੀ ਪੇਸ਼ਕਸ਼ ਕੀਤੀ ਹੈ ਤੇ ਆਪਣੀ ਬਣਦੀ ਡਿਊਟੀ ਜਮ੍ਹਾਂ ਕਰਵਾਉਣ ਲਈ ਵੀ ਕਹਿ ਦਿੱਤਾ ਹੈ। ਹਾਲਾਂਕਿ, ਠੇਕੇਦਾਰ ਨੇ ਇਸ ਬਾਰੇ ਸਹਿਮਤੀ ਦਿੱਤੀ ਹੈ ਜਾਂ ਨਹੀਂ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ।

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕੇਂਦਰ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਠੇਕੇ ਖੋਲ੍ਹਣ ਦੀ ਮੰਗ ਕੀਤੀ ਸੀ। ਬੇਸ਼ੱਕ ਕੇਂਦਰ ਨੇ ਮਾਲੀ ਹਾਲਤ ਨੂੰ ਸਮਝਦਿਆਂ ਹਰੀ ਝੰਡੀ ਤਾਂ ਦੇ ਦਿੱਤੀ ਹੈ, ਪਰ ਹਾਲੇ ਵੀ ਠੇਕੇ ਖੋਲ੍ਹਣ ਲਈ ਬਹੁਤ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ। ਇਸ ਵਿੱਚ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ।