ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਲੋਕ ਇਨਸਾਫ਼ ਪਾਰਟੀ ਵੀ ਸ਼ਾਮਲਾਟ ਜ਼ਮੀਨਾਂ 'ਤੇ ਡਟ ਗਈ ਹੈ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਲੈਂਡ ਬੈਂਕਾਂ ਦੇ ਨਾਂ ਹੇਠ ਹੜੱਪਣ ਵਿਰੁੱਧ ਪਾਰਟੀ ਵੱਲੋਂ ਅਗਲੇ ਮਹੀਨੇ ਚਾਰ ਜਨਵਰੀ ਤੋਂ ਅੰਦੋਲਨ ਵਿੱਢਿਆ ਜਾਵੇਗਾ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਿਸੇ ਪਿੰਡ ਦੀ ਇੱਕ ਇੰਚ ਜ਼ਮੀਨ ਵੀ ਲੈਂਡ ਬੈਂਕਾਂ ਲਈ ਐਕੁਆਇਰ ਕਰ ਕੇ ਦਿਖਾਉਣ। ਉਨ੍ਹਾਂ ਦੱਸਿਆ ਕਿ ‘ਸਾਡੀ ਪੰਚਾਇਤ, ਸਾਡੀ ਜ਼ਮੀਨ’ ਅੰਦੋਲਨ ਖੰਨਾ ਨੇੜਲੇ ਪਿੰਡ ਭਮੱਦੀ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਸੂਬੇ ਭਰ ਵਿਚ ਕੀਤਾ ਜਾਵੇਗਾ।

ਬੈਂਸ ਨੇ ਕਿਹਾ ਕਿ ਸਰਕਾਰ ਪਿਛਲੇ ਅਰਸੇ ਵਿੱਚ ਬੰਦ ਹੋਈਆਂ ਅਠਾਰਾਂ ਹਜ਼ਾਰ ਤੋਂ ਵੱਧ ਸਨਅਤੀ ਇਕਾਈਆਂ ਨੂੰ ਚਲਾਉਣ ਦਾ ਯਤਨ ਕਿਉਂ ਨਹੀਂ ਕਰ ਰਹੀ। ਇਨ੍ਹਾਂ ਸਨਅਤੀ ਇਕਾਈਆਂ ਦੀ ਜ਼ਮੀਨ ਬੇਕਾਰ ਪਈ ਹੈ ਤੇ ਨਵੇਂ ਲੈਂਡ ਬੈਂਕ ਬਣਾਉਣ ਦੀ ਥਾਂ ਜੇ ਇਨ੍ਹਾਂ ਦੀ ਜ਼ਮੀਨ ਹੀ ਵਰਤੀ ਜਾਵੇ ਤਾਂ ਹੋਰ ਜ਼ਮੀਨ ਐਕੁਆਇਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਪੰਜਾਬ ਸਰਕਾਰ ਜ਼ਮੀਨ ਐਕੁਆਇਰ ਕਰਨਾ ਚਾਹੁੰਦੀ ਹੈ ਤਾਂ ਉਹ 2013 ਦੇ ਭੂਮੀ ਗ੍ਰਹਿਣ ਐਕਟ ਦੀਆਂ ਸ਼ਰਤਾਂ ਮੁਤਾਬਕ ਐਕੁਆਇਰ ਕਰੇ।

ਉਨ੍ਹਾਂ ਕਿਹਾ ਕਿ ਪਾਰਟੀ ਜ਼ਮੀਨਾਂ ਬਚਾਉਣ ਲਈ ਅੰਦੋਲਨ ਦੇ ਨਾਲ-ਨਾਲ ਅਦਾਲਤਾਂ ਦਾ ਵੀ ਸਹਾਰਾ ਲਵੇਗੀ ਤੇ ਮਾਣਹਾਨੀ ਦਾ ਕੇਸ ਵੀ ਪਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਲੰਮੇ ਅਰਸੇ ਤੋਂ ਕਿਸਾਨ ਵਾਹ ਰਹੇ ਹਨ ਤੇ ਉਨ੍ਹਾਂ ਨੂੰ ਉਜਾੜ ਕੇ ਜ਼ਮੀਨਾਂ ਲੈਂਡ ਬੈਂਕ ਦੇ ਨਾਂ ਕੁਝ ਪਰਿਵਾਰਾਂ ਨੂੰ ਦੇਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸੂਬੇ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਨ੍ਹਾਂ ਵਿਚੋਂ ਵੀ ਦੋ ਪਰਿਵਾਰ ਜ਼ਮੀਨ ਹੜੱਪਣ ਦੀ ਝਾਕ ਵਿਚ ਹਨ।