ਅੰਮ੍ਰਿਤਸਰ: ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਦਾ 'ਮਿਸ਼ਨ 13' ਨਹੀਂ ਰਹੇਗਾ, ਬਲਕਿ ਅਕਾਲੀ ਦਲ ਮਿਸ਼ਨ 13 ਪੂਰਾ ਕਰੇਗਾ। ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਹਰਦੀਪ ਪੁਰੀ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪੁਰੀ ਹੀ ਮੰਤਰੀ ਬਣਨਗੇ।  ਪੁਰੀ ਨੇ ਪੱਗ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਤੇ ਹਰਦੀਪ ਪੁਰੀ ਨੇ ਕਰਤਾਰਪੁਰ ਲਾਂਘੇ ਲਈ ਕਈ ਯਤਨ ਕੀਤੇ। ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੂੰ ਵੋਟ ਦੇਣ ਦਾ ਮਤਲਬ ਵੋਟ ਖੂਹ ਵਿੱਚ ਸੁੱਟਣੀ ਹੈ। ਔਜਲਾ 10ਵੀਂ ਪਾਸ ਹਨ ਜਦਕਿ ਪੁਰੀ ਪੜ੍ਹੇ-ਲਿਖੇ ਹਨ।


ਦਰਅਸਲ ਮਜੀਠੀਆ ਪਿੰਡ ਵੱਲਾ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨ ਬਠਿੰਡਾ ਵਿੱਚ ਰੋਡ ਸ਼ੋਅ ਛੱਡ ਕੇ ਭੱਜ ਗਏ। ਕੈਪਟਨ ਅਮਰਿੰਦਰ ਸਿੰਘ ਵਿੱਚ ਹੰਕਾਰ ਹੈ। ਯਾਦ ਰਹੇ ਕੱਲ੍ਹ ਕੈਪਟਨ ਨੇ ਹਰਸਿਮਰਤ ਕੌਰ ਬਾਦਲ ਨੂੰ ਹੰਕਾਰੀ ਕਿਹਾ ਸੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਖ਼ਲਾਹਟ ਵਿੱਚ ਹਨ, ਇਸ ਲਈ ਕਾਂਗਰਸੀਆਂ ਨੂੰ ਦਬਕੇ ਮਾਰ ਰਹੇ ਹਨ। ਜੇ ਕਾਂਗਰਸ ਦਾ ਮਿਸ਼ਨ ਪੂਰਾ ਨਾ ਹੋਇਆ ਤਾਂ ਕੈਪਟਨ ਨੂੰ ਵੀ ਅਸਤੀਫ਼ਾ ਦੇਣਾ ਪਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਉਨ੍ਹਾਂ ਨੂੰ ਹਰ ਗੱਲ ਦਾ ਹਿਸਾਬ ਦੇਣਾ ਪਏਗਾ।

ਮਜੀਠੀਆ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਆ ਰਹੇ ਸਨ 'ਆਪ' ਕਾਂਗਰਸ ਨਾਲ ਰਲੀ ਹੈ। ਸੁਖਪਾਲ ਖਹਿਰਾ ਡਰਾਮਾ ਕਰ ਰਹੇ ਹਨ। ਉਨ੍ਹਾਂ ਖਹਿਰਾ ਨੂੰ ਕਾਂਗਰਸ ਦਾ ਵੱਡਾ ਏਜੰਟ ਦੱਸਿਆ। ਸੁਨੀਲ ਜਾਖੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 'ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ' ਵਾਲਾ ਹਿਸਾਬ ਹੈ। ਹੁਣ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਏਗਾ।