ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਗੁਰਦਾਸਪੁਰ ਤੋਂ ਮੌਜੂਦਾ ਸਾਂਸਦ ਸੁਨੀਲ ਜਾਖੜ ਨੇ ਅੰਮ੍ਰਿਤਸਰ ਦੀ ਲੀਡਰਸ਼ਿਪ ਸਮੇਤ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਸੰਨੀ ਦਿਓਲ ਨਾਲ ਨਹੀਂ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋ ਰਿਹਾ ਹੈ। ਮੋਦੀ ਆਪਣੇ ਝੂਠੇ ਲਾਰਿਆਂ ਨਾਲ ਦੇਸ਼ ਦੀ ਜਨਤਾ ਨੂੰ ਪਿਛਲੇ ਪੰਜ ਸਾਲਾਂ ਤੋਂ ਬੇਵਕੂਫ ਬਣਾ ਰਹੇ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਆਪਣਾ ਹਰ ਵਾਅਦਾ ਪੂਰਾ ਕਰ ਰਹੇ ਹਨ।


ਸੁਖਬੀਰ ਬਾਦਲ ਵੱਲੋਂ ਸੁਨੀਲ ਜਾਖੜ ਦੀ ਜ਼ਮਾਨਤ ਜ਼ਬਤ ਹੋਣ ਬਾਰੇ ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਹਾਲਤ ਉਸ ਰੱਸੀ ਵਰਗੀ ਹੈ, ਜੋ ਸੜ ਤਾਂ ਜਾਂਦੀ ਹੈ ਪਰ ਉਸ ਦੇ ਵੱਟ ਨਹੀਂ ਜਾਂਦੇ। ਗੁਰਦਾਸਪੁਰ ਦੀ ਚੋਣ ਦੇ ਨਤੀਜੇ ਉਨ੍ਹਾਂ ਦੇ ਇਹ ਵੱਟ ਵੀ ਕੱਢ ਦੇਣਗੇ। ਅਕਾਲੀ ਦਲ ਵੱਲੋਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਧਮਕੀ ਭਰੇ ਹੁਕਮ ਦੇਣ ਦੇ ਇਲਜ਼ਾਮ ਸਬੰਧੀ ਜਾਖੜ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਿਉਂ ਨਹੀਂ ਕਰ ਦਿੰਦੇ?

ਉਨ੍ਹਾਂ ਕਿਹਾ ਕਿ ਬੀਜੇਪੀ ਲੀਡਰਾਂ ਨੇ ਆਪਣੀ ਹਾਰ ਕਬੂਲ ਲਈ ਹੈ ਕਿਉਂਕਿ ਉਹ ਦੇਸ਼ ਵਿੱਚ ਇਹ ਪ੍ਰਚਾਰ ਕਰ ਰਹੇ ਹਨ ਕਿ ਲੋਕ ਨਰਿੰਦਰ ਮੋਦੀ ਦੇ ਨਾਂ ਤੇ ਵੋਟ ਪਾਉਣਗੇ ਪਰ ਗੁਰਦਾਸਪੁਰ ਵਿੱਚ ਸੰਨੀ ਦਿਓਲ ਦਾ ਲੜ ਫੜ੍ਹ ਕੇ ਉਨ੍ਹਾਂ ਇਹ ਦਰਸਾ ਦਿੱਤਾ ਹੈ ਕਿ ਮੋਦੀ ਸਾਹਿਬ ਕਿੰਨੇ ਕੁ ਹਰਮਨ ਪਿਆਰੇ ਹਨ। ਜਾਖੜ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜੇ ਕਿਸੇ ਨੂੰ ਇੰਟਰਵਿਊ ਦੇਣੀ ਹੀ ਹੈ ਤਾਂ ਕਿਸੇ ਕਿਸਾਨ, ਕਿਸੇ ਬੇਰੁਜ਼ਗਾਰ ਨੌਜਵਾਨ ਜਾਂ ਪੁਲਵਾਮਾ ਹਮਲੇ ਵਿੱਚ ਕਿਸੇ ਸ਼ਹੀਦ ਜਵਾਨ ਦੇ ਪਰਿਵਾਰਕ ਮੈਂਬਰ ਨੂੰ ਦੇਣ ਤਾਂ ਕਿ ਉਹ ਤੇ ਦੇਸ਼ ਵਾਸੀ ਸੱਚ ਸੁਣ ਸਕਣ।