ਲੁਧਿਆਣਾ: ਸ਼ਹਿਰ ਦੀ ਦੁੱਗਰੀ ਰੋਡ 'ਤੇ ਕਰਤਾਰ ਚੌਕ ਕੋਲ ਵਾਪਰੇ ਭਿਆਨਕ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਫੱਟੜ ਹਨ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਹੈ ਪਰ ਉਸ ਦੇ ਪਰਿਵਾਰ ਨੇ ਹਸਪਤਾਲ 'ਤੇ ਠੀਕ ਢੰਗ ਨਾਲ ਇਲਾਜ ਨਾ ਕਰਨ ਦਾ ਇਲਜ਼ਾਮ ਲਾਇਆ ਹੈ।

ਸਬ ਇੰਸਪੈਕਟਰ ਗਿਆਨ ਸਿੰਘ ਨੇ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਪੰਚਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਹਸਪਤਾਲ ਦੇ ਡਾਕਟਰ ਲਲਿਤ ਕੁਮਾਰ ਨੇ ਦੱਸਿਆ ਕਿ ਇੱਥੇ ਤਿੰਨ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ, ਜਿੱਥੇ ਇੱਕ ਦੀ ਮੌਤ ਹੋ ਗਈ ਹੈ ਤੇ ਦੂਜੇ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਮਜ਼ਦੂਰ ਦੇ ਵਾਰਸਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਹਸਪਤਾਲ ਨੇ ਮਰੀਜ਼ ਦਾ ਇਲਾਜ ਨਹੀਂ ਕੀਤਾ ਤੇ ਸਿਵਲ ਹਸਪਤਾਲ ਭੇਜ ਦਿੱਤਾ। ਹਸਪਤਾਲ ਪਹੁੰਚੇ ਸਮਾਜਸੇਵਕ ਵਿਕਾਸ ਤਲਵਾਰ ਨੇ ਪ੍ਰਾਈਵੇਟ ਹਸਪਤਾਲ ਵੱਲੋਂ ਧੱਕੇਸ਼ਾਹੀ ਦੀ ਗੱਲ ਕਰਦਿਆਂ ਕਿਹਾ ਕਿ ਪੈਸੇ ਦੀ ਕਮੀ ਕਰਕੇ ਹਸਪਤਾਲ ਇਲਾਜ ਨਹੀਂ ਕਰ ਰਿਹਾ।

ਸੜਕ ਹਾਦਸਾ ਅੱਜ ਸਵੇਰੇ ਵਾਪਰਿਆ ਜਿਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੈ। ਹਾਦਸਾਗ੍ਰਸਤ ਕਾਰ ਵਿੱਚ ਮਲਿਕਾ ਆਹਲੂਵਾਲੀਆ ਨਾਂ ਦੀ ਲੜਕੀ ਸਵਾਰ ਸੀ, ਜਿਸ ਦਾ ਅੱਜ ਵਿਆਹ ਸੀ। ਉਹ ਬਿਊਟੀ ਪਾਰਲਰ ਤਿਆਰ ਹੋਣ ਚੱਲੀ ਸੀ। ਉਸ ਦੀ ਕਾਰ ਦੀ ਕਿਸੇ ਹੋਰ ਕਾਰਨ ਨਾਲ ਟੱਕਰ ਹੋਣ ਕਰਕੇ ਹਾਦਸਾ ਵਾਪਰਿਆ। ਦੋਵਾਂ ਕਾਰਾਂ ਦੀ ਲਪੇਟ ਵਿੱਚ ਤਿੰਨ ਮਜ਼ਦੂਰ ਆ ਗਏ ਸਨ।