ਲੁਧਿਆਣਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਛੇ ਮੁਲਜ਼ਮ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਛੇ ਮੁਲਜ਼ਮਾਂ ਦੇ ਸਕੈਚ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਦਾਖਾ 'ਚ ਤਾਇਨਾਤ ਏਐਸਆਈ ਵਿਦਿਆ ਰਤਨ ਨੂੰ ਡਿਊਟੀ ਵਿੱਚ ਕੁਤਾਹੀ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।


ਯਾਦ ਰਹੇ ਲੁਧਿਆਣਾ ਤੋਂ ਕਰੀਬ ਨੌਂ ਕਿਲੋਮੀਟਰ ਦੂਰ ਈਸੇਵਾਲ ਪਿੰਡ ਕੋਲ 21 ਸਾਲਾ ਕਾਲਜ ਵਿਦਿਆਰਥਣ ਨਾਲ 9 ਤੇ 10 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਲੜਕੀ ਨੇ ਐਤਵਾਰ ਨੂੰ ਪੁਲਿਸ ਕੋਲ ਪਹੁੰਚ ਕੀਤੀ ਤੇ 10 ‘ਅਣਪਛਾਤੇ’ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।


ਵੇਰਵਿਆਂ ਮੁਤਾਬਕ ਲੜਕੀ ਤੇ ਉਸ ਦਾ ਇਕ ਦੋਸਤ ਜਦ ਈਸੇਵਾਲ ਪਿੰਡ ਵੱਲ ਕਾਰ ਵਿਚ ਜਾ ਰਹੇ ਸਨ ਤਾਂ ਰਾਹ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ। ਉਨ੍ਹਾਂ ਵਿੱਚੋਂ ਦੋ ਜਣੇ ਕਾਰ ਦਾ ਸ਼ੀਸ਼ਾ ਇੱਟ ਨਾਲ ਤੋੜ ਕੇ ਵਾਹਨ ਵਿੱਚ ਜ਼ਬਰੀ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਵਿਅਕਤੀਆਂ ਨੂੰ ਵੀ ਸੱਦ ਲਿਆ ਤੇ ਲੜਕੀ ਨੂੰ ਖਾਲੀ ਪਲਾਟ ਵਿੱਚ ਲੈ ਗਏ।