ਲੁਧਿਆਣਾ : ਨਗਰ ਸੁਧਾਰ ਟਰੱਸਟ ਦੀ ਕਾਰਜਕਾਰੀ ਅਧਿਕਾਰੀ (ਈਓ) ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਵਿਜੀਲੈਂਸ ਟੀਮ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਇੱਕ ਵਿਅਕਤੀ ਨੇ ਲੱਖਾਂ ਰੁਪਏ ਲੈ ਕੇ ਕੰਮ ਨਾ ਕਰਨ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਦੋਵਾਂ ਖਿਲਾਫ ਕਾਰਵਾਈ ਕੀਤੀ ਹੈ।



ਵਿਜੀਲੈਂਸ ਟੀਮ ਨੇ ਵੀਰਵਾਰ ਸਵੇਰੇ 8 ਵਜੇ ਨਗਰ ਸੁਧਾਰ ਟਰੱਸਟ ਦੇ ਦਫਤਰ 'ਤੇ ਛਾਪਾ ਮਾਰਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਰਹੇ। ਛਾਪੇਮਾਰੀ ਦੌਰਾਨ ਵਿਜੀਲੈਂਸ ਨੇ ਈਓ ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਕਾਬੂ ਕੀਤਾ ਗਿਆ। ਵਿਜੀਲੈਂਸ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲੈ ਗਈ ਹੈ।

ਈਓ ਕੁਲਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ਛਾਪੇਮਾਰੀ ਤੋਂ ਬਾਅਦ ਦਫਤਰ ਪੂਰੀ ਤਰ੍ਹਾਂ ਖਾਲੀ ਹੋ ਗਿਆ। ਅੰਮ੍ਰਿਤਸਰ ਤੋਂ ਬਾਅਦ ਹੁਣ ਵਿਜੀਲੈਂਸ ਨੇ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਕਈ ਲੋਕ ਨਗਰ ਸੁਧਾਰ ਟਰੱਸਟ ਦੇ ਬਾਹਰ ਧਰਨਾ ਦਿੰਦੇ ਵੀ ਦੇਖੇ ਗਏ।

ਰੋਸ ਪ੍ਰਦਰਸ਼ਨ ਕਰ ਰਹੇ ਜੇਪੀ ਸਿੰਘ ਨੇ ਕਿਹਾ ਕਿ ਮੈਂ 15 ਦਿਨਾਂ ਤੋਂ ਇੱਥੇ ਪ੍ਰਦਰਸ਼ਨ ਕਰ ਰਿਹਾ ਹਾਂ, ਮੈਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਹਾਂ ਕਿ ਇੱਥੇ ਈਓ ਅਤੇ ਕਲਰਕ ਦੋਵੇਂ ਹੀ ਭੂ-ਮਾਫੀਆ ਦਾ ਰੂਪ ਧਾਰਨ ਕਰ ਚੁੱਕੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਦੋਵਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਪਿੰਡ ਹੈਬੋਵਾਲ ਦੇ ਵਸਨੀਕ ਨਵਦੀਪ ਸਿੰਘ ਨੇ ਉਕਤ ਸ਼ਿਕਾਇਤ ਮੁੱਖ ਮੰਤਰੀ, ਡਾਇਰੈਕਟਰ ਵਿਜੀਲੈਂਸ ਅਤੇ ਐਸਐਸਪੀ ਲੁਧਿਆਣਾ ਵਿਜੀਲੈਂਸ ਨੂੰ 7 ਅਪਰੈਲ ਨੂੰ ਭੇਜੀ ਸੀ। ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਹੈਬੋਵਾਲ ਦੀ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਹੈ। ਜਿਸ 'ਤੇ ਨੰਬਰ ਲਗਾਏ ਹੋਏ ਸਨ। ਜਦੋਂ ਉਹ ਉਕਤ ਪਲਾਟ ਦਾ ਨਕਸ਼ਾ ਪਾਸ ਕਰਵਾਉਣ ਲਈ ਗਿਆ ਤਾਂ ਇਕ ਮਹਿਲਾ ਅਧਿਕਾਰੀ ਨੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਲਈ ਉਸ ਨੇ ਇੱਕ ਲੱਖ ਰੁਪਏ ਦਿੱਤੇ ਸਨ ਅਤੇ ਬਾਕੀ ਰਕਮ ਬਾਅਦ ਵਿੱਚ ਅਦਾ ਕੀਤੀ ਜਾਣੀ ਸੀ।

ਉਸਦਾ ਰਾਜਗੁਰੂ ਨਗਰ ਵਿੱਚ ਇੱਕ ਪਲਾਟ ਵੀ ਹੈ, ਉਸਦੀ ਐਨਓਸੀ ਦੇ ਬਦਲੇ ਮਹਿਲਾ ਅਧਿਕਾਰੀ ਨੇ ਪੈਸੇ ਮੰਗੇ। ਦੋਵਾਂ ਮਾਮਲਿਆਂ ਵਿੱਚ ਉਸ ਨੇ ਉਕਤ ਅਧਿਕਾਰੀ ਨੂੰ ਸਾਢੇ ਪੰਜ ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਵੀ ਮਹਿਲਾ ਅਧਿਕਾਰੀ ਨੇ ਕੰਮ ਨਹੀਂ ਕਰਵਾਇਆ। ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਈਓ ਕੁਲਜੀਤ ਕੌਰ ਪਿਛਲੇ 15 ਦਿਨਾਂ ਤੋਂ ਡਿਊਟੀ 'ਤੇ ਨਹੀਂ ਆ ਰਹੀ ਸੀ। ਵੀਰਵਾਰ ਸਵੇਰੇ ਹੀ ਉਹ ਬੈਠੀ ਸੀ ਜਦੋਂ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।