ਲੁਧਿਆਣਾ: ਸ਼ਹਿਰ ਦੇ ਮਾਲ ਰੋਡ ’ਤੇ ਇੱਕ ਪੀਜ਼ਾ ਸਟੋਰ ਦੇ ਬਾਹਰ ਮਹਿਜ਼ 10 ਰੁਪਏ ਦਾ ਪਾਰਕਿੰਗ ਪਿੱਛੇ ਟੱਲੀ ਹੋਏ ਪਾਰਕਿੰਗ ਠੇਕੇਦਾਰ ਦੇ ਦੋ ਕਰਿੰਦਿਆਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਹੋਰ ਵਿਅਕਤੀਆਂ ਨੇ ਨੌਜਵਾਨ ਨੂੰ ਛੁਡਵਾਇਆ। ਕੁੱਟਮਾਰ ਦੀ ਘਟਨਾ ਦੌਰਾਨ ਮੀਡੀਆ ਨੂੰ ਵੇਖ ਕੇ ਪਾਕਕਿੰਗ ਠੇਕੇਦਾਰ ਦੇ ਕਰਿੰਦੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਨੌਜਵਾਨ ਨੇ ਕਿਹਾ ਕਿ ਉਹ ਸਿਰਫ ਦੋ ਮਿੰਟਾਂ ਲਈ ਦੁਕਾਨ ਤੋਂ ਪੀਜ਼ਾ ਲੈਣ ਆਇਆ ਸੀ। ਇੰਨੇ ਵਿੱਚ ਨਸ਼ੇ ’ਚ ਟੱਲੀ ਪਾਰਕਿੰਗ ਕਰਿੰਦਿਆਂ ਨੇ ਉਸ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ ਉਸ ਕੋਲੋਂ ਜ਼ਬਰਦਸਤੀ ਪੈਸੇ ਮੰਗਣ ਲੱਗੇ। ਜਦੋਂ ਉਸ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਦੌਰਾਨ ਉਸ ਦੇ ਕੰਨ ’ਤੇ ਸੱਟਾਂ ਲੱਗੀਆਂ ਹਨ। ਪੀੜਤ ਨੌਜਵਾਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ।
ਘਟਨਾ ਦੌਰਾਨ ਆਸ-ਪਾਸ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਪੀੜਤ ਨੂੰ ਬਚਾਉਣ ਗਏ ਤਾਂ ਪਾਰਕਿੰਗ ਦੇ ਠੇਕੇਦਾਰ ਦੇ ਮੁਲਾਜ਼ਮਾਂ ਨੇ ਉਸ ਦੀ ਜ਼ਬਰਦਸਤ ਕੁੱਟਮਾਰ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਜੇ ਉਸ ਨੂੰ ਸਮਾਂ ਰਹਿੰਦੇ ਉਸ ਨੂੰ ਨਾ ਛੁਡਵਾਇਆ ਜਾਂਦਾ ਤਾਂ ਮੁਲਜ਼ਮ ਠੇਕੇਦਾਰ ਉਸ ਦਾ ਕਤਲ ਵੀ ਕਰ ਸਕਦੇ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ’ਤੇ ਠੇਕੇਦਾਰ ਨਾਜਾਇਜ਼ ਠੇਕੇ ’ਤੇ ਪਾਰਕਿੰਗ ਵਸੂਲ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਠੇਕੇਦਾਰ ਕਿਸੇ ਕਾਂਗਰਸੀ ਲੀਡਰ ਦਾ ਰਿਸ਼ਤੇਦਾਰ ਹੈ। ਪਾਰਕਿੰਗ ਠੇਕੇਦਾਰਾਂ ਵੱਲੋਂ ਰਾਹਗੀਰ ਦੀ ਕੁੱਟਮਾਰ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਸਨ ਪਰ ਕਾਂਗਰਸੀ ਲੀਡਰ ਨਾਲ ਰਿਸ਼ਤੇਦਾਰੀ ਹੋਣ ਕਰਕੇ ਹਰ ਵਾਰ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ ਸੀ। ਜਿਨ੍ਹਾਂ ਇਲਾਕਿਆਂ ਵਿੱਚ ਜ਼ਬਰਨ ਵਸੂਲੀ ਕੀਤੀ ਜਾ ਰਹੀ ਹੈ, ਲੁਧਿਆਣਾ ਨਗਰ ਨਿਗਮ ਨੇ ਅੱਜ ਤਕ ਉਨ੍ਹਾਂ ਇਲਾਕਿਆਂ ਵਿੱਚੋਂ ਕਿਸੇ ਵੀ ਇਲਾਕੇ ਨੂੰ ਠੇਕੇ ’ਤੇ ਨਹੀਂ ਦਿੱਤਾ।